
ਕਿਹਾ ਕਿ ਲੋਕ ਹੁਣ ਦੁਬਾਰਾ ਮੂਰਖ ਨਹੀਂ ਬਣਨਗੇ ਤੇ ਕਿਹਾ ਕਿ ਮੁੱਖ ਮੰਤਰੀ ਤੇ ਕਿਸ਼ੋਰ ਨੂੰ 2017 ਵਿਚ ਕੀਤੇ ਵਾਅਦਿਆਂ ਦਾ ‘ਹਿਸਾਬ’ ਦੇਣਾ ਪਵੇਗਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਜੁਮਲੇਬਾਜ਼’ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕਰ ਕੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ ਤੇ ਪਾਰਟੀ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਹੁਣ ਲੋਕਾਂ ਨੂੰ ਫਿਰ ਤੋਂ ਮੂਰਖ ਬਣਾਉਣ ਵਾਸਤੇ ਮੁੜ ਝੂਠ ਦੇ ਪੁਲੰਦਿਆਂ ’ਤੇ ਨਿਰਭਰ ਕਰ ਰਹੀ ਹੈ।
CM Punjab
ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਕ ਮਿੰਟ ਲਈ ਉਹਨਾਂ 1500 ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਜਿਹਨਾਂ ਨੇ ਗੁਟਕਾ ਸਾਹਿਬ ਦੇ ਦਸਮ ਪਿਤਾ ਦੀ ਸਹੁੰ ਦੇ ਨਾਂ ’ਤੇ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਹਨਾਂ ਨੂੰ ਵੇਚੇ ਗਏ ਪੂਰਨ ਕਰਜ਼ਾ ਮੁਆਫੀ ਦੇ ‘ਜੁਮਲੇ’ ਕਰ ਕੇ ਆਤਮ ਹੱਤਿਆ ਕੀਤੀ।
Prashant Kishor
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਰਿਸੰਘ ਨੇ ਇਸ ਐਲਾਨ ਨਾਲ ਰਾਜਨੀਤੀ ਨੂੰ ਇਕ ਨਵੇਂ ਨਿਵਾਣ ਵੱਲ ਧੱਕਿਆ ਹੈ। ਉਹਨਾਂ ਕਿਹਾ ਕਿ ਇਹ ਹੋਰ ਵੀ ਕੁੜਤਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਬੜੇ ਚਾਅ ਨਾਲ ਇਹ ਐਲਾਨ ਕਰ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਦੇ ਭਲੇ ਲਈ ਕਿਸ਼ੋਰ ਨਾਲ ਰਲ ਕੇ ਕੰਮ ਕਰਨ ਵੱਲ ਵੇਖਦੇ ਹਨ।
Prashant Kishor
ਸ੍ਰੀ ਮਜੀਠੀਆ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਦੱਸਣ ਕਿ ਕਿਹੜੇ ਭਲੇ ਦੀ ਗੱਲ ਕਰ ਰਹੇ ਹਨ। ਉਹਨਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਉਹਨਾਂ ਅਨੁਸੂਚਿਤ ਜਾਤੀ ਵਰਗ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਘਰਾਂ ਵਿਚ ਗਏ ਹਨ ਜਿਹਨਾਂ ਨੁੰ ਕਿਸ਼ੋਰ ਦੀ ਮਦਦ ਨਾਲ ਉਹਨਾਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਦੀ ਰਾਸ਼ੀ ਤੇ ਆਟਾ ਦਾਲ ਸਕੀਮ ਦਾ ਦਾਇਰਾ ਵਧਾਉਣ ਵਰਗੇ ਵਾਅਦੇ ਕਰ ਕੇ ਮੂਰਖ ਬਣਾਇਆ ਸੀ।
CM Punjab
ਉਹਨਾਂ ਕਿਹਾ ਕਿ ਕੀ ਤੁਸੀਂ ਤੇ ਤੁਹਾਡਾ ਨਵਾਂ ਪ੍ਰਮੁੱਖ ਸਲਾਹਕਾਰ ਉਹਨਾਂ ਨੌਜਵਾਨਾਂ ਦੇ ਘਰਾਂ ਵਿਚ ਜਾਣ ਦੀ ਜੁਰੱਅਤ ਵਿਖਾਓਗੇ ਜਿਹਨਾਂ ਨੂੰ ਤੁਸੀਂ ਘਰ ਘਰ ਨੌਕਰੀ ਤੇ ਬੇਰੋਜ਼ਾਗਰੀ ਭੱਤੇ ਦਾ ਵਾਅਦਾ ਕੀਤਾ ਸੀ ? ਉਹਨਾਂ ਕਿਹਾ ਕਿ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਨਰਕ ਵਿਚੋਂ ਲੰਘਣ ਲਈ ਮਜਬੂਰ ਕਰ ਕੇ ਆਪ ਆਪਣੇ ਫਾਰਮ ਹਾਊਸ ਵਿਚ ਬੈਠ ਕੇ ਹੋਰ ਨਵੇਂ ਵਾਅਦਿਆਂ ਵਾਲੀਆਂ ਸਕੀਮਾਂ ਘੜਨ ਲੱਗੇ ਹੋ ਜੋ ਤੁਸੀਂ ਕਦੇ ਲਾਗੂ ਨਹੀਂ ਕਰਨੀਆਂ।
ਸ੍ਰੀ ਮਜੀਠੀਆ ਨੇ ਕਿਹਾ ਕਿ ਲੋਕਾਂ ਨੇ ਮੁੱਖ ਮੰਤਰੀ ਤੇ ਪ੍ਰਸ਼ਾਂਤ ਕਿਸ਼ੋਰ ਨੂੰ ਵੇਖ ਲਿਆ ਹੈ ਤੇ ਹੁਣ ਦੋਵਾਂ ਜੁਮਲੇਬਾਜ਼ਾਂ ਨੂੰ ਲੋਕਾਂ ਦੀ ਸਮਝ ਦਾ ਹੋਰ ਅਪਮਾਨ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਹੀ ਇਹਨਾਂ ਦੇ ਸਟੰਟ ਵੇਖ ਲਏ ਹਨ ਤੇ ਹੁਣ ਮੁੜ ਕੇ ਇਹਨਾਂ ਦੀਆਂ ਧੋਖੇ ਵਾਲੀਆਂ ਚਾਲਾਂ ਵਿਚ ਨਹੀਂ ਫਸਣਗੇ। ਉਹਨਾਂ ਨੇ ਕਿਸ਼ੋਰ ਨੂੰ ਵੀ ਸਲਾਹ ਦਿੰਤੀ ਕਿ ਉਹ ‘ਜਾਏ ਪੇ ਚਰਚਾ’ ਤੇ ‘ਕੌਫੀ ਵਿਦ ਕੈਪਟਨ’ ਵਰਗੀਆਂ ਆਪਣੀ ਜਾਅਲੀ ਸਕੀਮਾਂ ਕਿਤੇ ਹੋਰ ਲੈ ਜਾਣ ਕਿਉਂਕਿ ਪੰਜਾਬੀਆਂ ਨੇ 2017 ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਦਾ ‘ਹਿਸਾਬ’ ਲੈਣਾ ਹੈ। ਉਹਨਾਂ ਕਿਹਾ ਕਿ ਇਸ ਜ਼ਮੀਨੀ ਹਕੀਕਤ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਪੰਜਾਬ ਮੰਗੇ ਹਿਸਾਬ ਤੇ ਉਹਨਾਂ ਨੇ ਦੋਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।