
ਦੀਪ ਸਿੱਧੂ ਨੂੰ ਤੁਰਤ ਰਿਹਾਅ ਕੀਤਾ ਜਾਵੇ : ਭਾਈ ਰਣਜੀਤ ਸਿੰਘ
ਨੌਜਵਾਨਾਂ ਨੇ ਰਮਦਾਸਪੁਰ ਤੋਂ ਦਸੂਹਾ ਤਕ ਕਢਿਆ ਵਿਸ਼ਾਲ ਰੋਸ ਮਾਰਚ
ਅੰਮਿ੍ਤਸਰ, 28 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਿਸਾਨੀ ਸੰਘਰਸ਼ ਦੇ ਯੋਧੇ ਦੀਪ ਸਿੱਧੂ, ਇਕਬਾਲ ਸਿੰਘ, ਰਣਜੀਤ ਸਿੰਘ ਅਤੇ ਹੋਰਾਂ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਅੱਜ ਨੌਜਵਾਨਾਂ ਨੇ ਵਿਸ਼ਾਲ ਰੋਸ ਮਾਰਚ ਕਢਿਆ | ਇਹ ਮਾਰਚ ਪਿੰਡ ਰਮਦਾਸਪੁਰ ਤੋਂ ਸਵੇਰੇ ਅਰੰਭ ਹੋ ਕੇ ਪਿੰਡਾਂ-ਪਿੰਡਾਂ ਵਿਚੋਂ ਦੀ ਲੰਘਦਾ ਹੋਇਆ ਮੁਕੇਰੀਆਂ, ਗੜ੍ਹਦੀਵਾਲਾ ਅਤੇ ਰੰਧਾਵਾ ਤੋਂ ਹੋ ਕੇ ਸ਼ਾਮ ਨੂੰ ਦਸੂਹਾ ਦੀ ਦਾਣਾ ਮੰਡੀ ਵਿਖੇ ਪਹੁੰਚਿਆ ਅਤੇ ਸਮਾਪਤੀ ਗੁ. ਬਾਬਾ ਕੇਸਰਦਾਸ ਜੀਏ ਸਹੋਤੇ ਵਿਖੇ ਹੋਈ | ਮਾਰਚ ਵਿਚ ਨੌਜਵਾਨਾਂ ਨੇ ਦੀਪ ਸਿੱਧੂ ਨੂੰ ਰਿਹਾਅ ਕਰੋ, ਲੱਖੇ ਸਿਧਾਣੇ 'ਤੇ ਪਾਏ ਝੂਠੇ ਕੇਸ ਰੱਦ ਕਰੋ, ਇਕਬਾਲ ਸਿੰਘ ਨੂੰ ਰਿਹਾਅ ਕਰੋ, ਰਣਜੀਤ ਸਿੰਘ ਨੂੰ ਰਿਹਾਅ ਕਰੋ, ਲਾਲ ਕਿਲ੍ਹੇ 'ਤੇ ਝੰਡਾ ਝੁਲਾਉਣ ਵਾਲੇ ਨੌਜਵਾਨਾਂ ਨੂੰ ਰਿਹਾਅ ਕਰੋ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਕਾਲੇ ਕਾਨੂੰਨ ਰੱਦ ਕਰੋ, ਖੇਤੀ ਕਾਨੂੰਨ ਰੱਦ ਕਰੋ, ਮੋਦੀ ਸਰਕਾਰ ਮੁਰਦਾਬਾਦ, ਆਰ.ਐਸ.ਐਸ. ਮੁਰਦਾਬਾਦ, ਭਗਵਾਂ ਬਿ੍ਗੇਡ ਮੁਰਦਾਬਾਦ, ਮੋਦੀ ਤੇਰੀ ਤਾਨਾਸ਼ਾਹੀ ਨਹੀਂ ਚਲੇਗੀ, ਅੰਬਾਨੀ-ਅਡਾਨੀ ਮੁਰਦਾਬਾਦ ਆਦਿ ਨਾਹਰੇ ਲਗਾਏ | ਮਾਰਚ ਦੌਰਾਨ ਨੌਜਵਾਨਾਂ ਨੇ ਦੀਪ ਸਿੱਧੂ ਅਤੇ ਰਣਜੀਤ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ | ਇਸ ਮੌਕੇ ਦਸੂਹਾ ਦਾਣਾ ਮੰਡੀ ਵਿਚ ਬੋਲਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦੇ ਆਗੂਆਂ ਵਲੋਂ ਪੈਰ ਪਿਛਾਂਹ ਖਿੱਚਣ ਕਾਰਨ ਨੌਜਵਾਨੀ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਕੋਈ ਹਿੰਸਾ ਨਹੀਂ ਕੀਤੀ, ਸਰਕਾਰ ਉਨ੍ਹਾਂ ਨੂੰ ਜਾਣ-ਬੁੱਝ ਕੇ ਫਸਾ ਰਹੀ ਹੈ ਤਾਂ ਜੋ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਜੁਗਰਾਜ ਸਿੰਘ ਨੇ ਲਾਲ ਕਿਲ੍ਹੇ 'ਤੇ ਖ਼ਾਲਸਾਈ ਝੰਡਾ ਝੁਲਾਅ ਕੇ ਕੁੱਝ ਗ਼ਲਤ ਨਹੀਂ ਕੀਤਾ ਇਸ ਐਕਸ਼ਨ ਨਾਲ ਸਰਕਾਰ 'ਤੇ ਹੋਰ ਦਬਾਅ ਵਧਣਾ ਸੀ | ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਹੁਣ ਜਲਦ ਹੀ ਕੋਈ ਠੋਸ ਪ੍ਰੋਗਰਾਮ ਉਲੀਕਣ, ਨਹੀਂ ਤਾਂ ਹੌਲੀ-ਹੌਲੀ ਸੰਘਰਸ਼ ਮੱਠਾ ਪੈ ਜਾਵੇਗਾ | ਨਰਿੰਦਰ ਮੋਦੀ ਇਸ ਸਮੇਂ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਚੁੱਕਾ ਹੈ ਅਤੇ ਤਾਨਾਸ਼ਾਹੀ ਤੇ ਹਿਟਲਰਸ਼ਾਹੀ ਕਰ ਰਿਹਾ ਹੈ | ਇਸ ਮੌਕੇ ਸਿੱimageਖ ਯੂਥ ਪਾਵਰ ਆਫ਼ ਪੰਜਾਬ ਦੇ ਦਲਜੀਤ ਸਿੰਘ ਬੌਬੀ, ਬੀਰ ਦਵਿੰਦਰ ਸਿੰਘ, ਦਲਜੀਤ ਸਿੰਘ ਖ਼ਾਲਸਾ, ਜਸ਼ਨਦੀਪ ਸਿੰਘ ਸਮੇਤ 200 ਦੇ ਕਰੀਬ ਨੌਜਵਾਨ ਸ਼ਾਮਲ ਸਨ |