
24 ਘੰਟਿਆਂ ’ਚ ਸਾਹਮਣੇ ਆਏ 53 ਹਜ਼ਾਰ ਨਵੇਂ ਕੇਸ, 350 ਮੌਤਾਂ ਹੋਈਆਂ
ਨਵੀਂ ਦਿੱਲੀ, 31 ਮਾਰਚ : ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਲਗਾਤਾਰ ਸੱਤਵੇਂ ਦਿਨ ਕੋਰੋਨਾ ਵਾਇਰਸ ਦੇ 50 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੀ ਤਾਜਾ ਰੀਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ 53,480 ਹਜ਼ਾਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 354 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, ਕੋਰੋਨਾ ਤੋਂ 41,280 ਲੋਕ ਠੀਕ ਵੀ ਹੋਏ ਹਨ। ਇਸ ਸਾਲ 1 ਫ਼ਰਵਰੀ ਨੂੰ, 8,635 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਸਨ। ਇਕ ਦਿਨ ਵਿਚ ਕੋਰੋਨਾ ਦੇ ਇਹ ਕੇਸ ਇਸ ਸਾਲ ਸੱਭ ਤੋਂ ਘੱਟ ਸਨ।
ਹਾਲਾਂਕਿ ਦੇਸ਼ ਵਿਚ ਕੋਰੋਨਾ ਦੀ ਵੈਕਸੀਨ ਵੀ ਲਗਾਈ ਜਾ ਰਹੀ ਹੈ। ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਦੇਸ਼ ਵਿਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। 30 ਮਾਰਚ ਤਕ ਦੇਸ਼ ਭਰ ਵਿਚ 6 ਕਰੋੜ 30 ਲੱਖ 54 ਹਜ਼ਾਰ 353 ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ। ਪਿਛਲੇ ਦਿਨ 19 ਲੱਖ 40 ਹਜ਼ਾਰ 99 ਟੀਕੇ ਲਗਾਏ ਗਏ ਸਨ। ਟੀਕਾਕਰਨ ਦਾ ਦੂਜਾ ਪੜਾਅ 13 ਫ਼ਰਵਰੀ ਨੂੰ ਸ਼ੁਰੂ ਹੋਇਆ ਸੀ। ਹੁਣ 1 ਅਪ੍ਰੈਲ ਤੋਂ, 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਦੇਸ਼ ਵਿਚ ਕੋਰੋਨਾ ਦੀ ਮੌਤ ਦਰ 1.34 ਫ਼ੀ ਸਦੀ ਹੈ ਜਦੋਂ ਕਿ ਰਿਕਵਰੀ ਦੀ ਦਰ 94 ਫ਼ੀ ਸਦੀ ਤੋਂ ਵੱਧ ਹੈ। ਸਰਗਰਮ ਮਾਮਲੇ ਵੱਧ ਕੇ 4.47 ਫ਼ੀ ਸਦੀ ਹੋ ਗਏ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ 6 ਵੇਂ ਨੰਬਰ ਉੱਤੇ ਹੈ। (ਏਜੰਸੀ)