
12 ਲੱਖ 55 ਹਜ਼ਾਰ ਬੱਚਿਆਂ ਦਾ ਕੀਤਾ ਜਾਵੇਗਾ ਟੀਕਾਕਰਨ: ਡਿਪਟੀ ਕਮਿਸ਼ਨਰ
ਲੁਧਿਆਣਾ, 1 ਮਈ (ਰਵੀ ਭਾਟੀਆ/ਐਸ.ਪੀ. ਸਿੰਘ): ਦੇਸ਼ ਭਰ ਵਿਚੋਂ ਖਸਰੇ ਨੂੰ ਜੜੋਂ ਪੁੱਟਣ ਅਤੇ ਰੁਬੈਲਾ ਦੀ ਰੋਕਥਾਮ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਅੱਜ ਸ਼ੁਰੂ ਹੋ ਗਈ। ਲੁਧਿਆਣਾ 'ਚ ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵਲੋਂ ਸਥਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਸੰਧੂ ਨਗਰ ਤੋਂ ਕੀਤੀ ਗਈ। ਟੀਕਾਕਰਨ ਮੁਹਿੰਮ ਦੌਰਾਨ ਬੱਚਿਆਂ ਵਿਚ ਕਾਫ਼ੀ ਉਤਸ਼ਾਹ ਦੇਖਿਆ ਗਿਆ। ਇਸ ਮੁਹਿੰਮ ਤਹਿਤ ਜ਼ਿਲ੍ਹਾ ਲੁਧਿਆਣਾ ਵਿਚ 9 ਮਹੀਨੇ ਤੋਂ ਲੈ ਕੇ 15 ਸਾਲ ਤਕ ਦੇ ਉਮਰ ਵਰਗ ਦੇ ਕਰੀਬ 12.55 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਹ ਮੁਹਿੰਮ ਤਿੰਨ ਹਫ਼ਤੇ ਚੱਲੇਗੀ।ਇਸ ਮੌਕੇ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਨੇ ਦਸਿਆ ਕਿ ਐਮ.ਆਰ. ਮੁਹਿੰਮ ਦੇਸ਼ ਭਰ ਵਿਚ 13 ਸੂਬਿਆਂ ਵਿਚ 7 ਤੋਂ 8 ਕਰੋੜ ਬੱਚਿਆਂ ਨੂੰ ਅਪਣੇ ਕਲਾਵੇ ਵਿਚ ਲੈ ਚੁੱਕੀ ਹੈ ਅਤੇ ਚੌਥੇ ਪੜਾਅ 'ਚ ਇਹ ਮੁਹਿੰਮ ਪੰਜਾਬ ਵਿਚ ਸ਼ੁਰੂ ਹੋਈ ਹੈ।
Mizal Rubala Enjection
ਉਨ੍ਹਾਂ ਦਸਿਆ ਕਿ ਪਹਿਲਾਂ ਇਸ ਸਕੀਮ ਅਧੀਨ ਸਕੂਲਾਂ ਨੂੰ ਲਿਆ ਗਿਆ ਹੈ ਅਤੇ ਬਾਅਦ ਵਿਚ ਦੂਰ-ਦੁਰਾਡੇ ਦੇ ਸਿਹਤ ਕੇਂਦਰਾਂ ਵਿਚ ਇਹ ਸਕੀਮ ਚਲਾਈ ਜਾਵੇਗੀ। ਇਸ ਸਕੀਮ ਤਹਿਤ ਹਰ ਬੱਚੇ ਲਈ ਇਕ ਵਾਰ ਵਰਤੀਆਂ ਜਾਣ ਵਾਲੀਆਂ ਸਰਿੰਜਾਂ (ਆਟੋ ਡਿਸਏਬਲ ਸਰਿੰਜਾਂ) ਦਾ ਹੀ ਇਸਤੇਮਾਲ ਹੋ ਰਿਹਾ ਹੈ। ਇਸ ਸਕੀਮ ਤਹਿਤ ਟੀਕਾਕਰਨ ਲਈ ਸਿਹਤਕਰਮੀਆਂ ਦੀਆਂ ਟੀਮਾਂ ਪੂਰੀ ਤਰ੍ਹਾਂ ਹੁਨਰਮੰਦ ਹਨ, ਜਿਹੜੇ ਆਮ ਟੀਕਾਕਰਨ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਦਾ ਤਜਰਬਾ ਰੱਖਦੇ ਹਨ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜਸਬੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਮਨਜੀਤ ਸਿੰਘ, ਵਿਸ਼ਵ ਸਿਹਤ ਸੰਗਠਨ ਤੋਂ ਡਾ. ਗਗਨ ਸ਼ਰਮਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਜਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।