
ਬਲਾਕ ਟਾਂਡਾ ਅਧੀਨ ਪਿੰਡ ਬੈਂਸ ਅਵਾਣ ਨਜ਼ਦੀਕ ਅੱਜ ਦੁਪਹਿਰ ਖੇਤਾਂ ਵਿਚ ਲੱਗੀ ਅੱਗ ਕਾਰਨ ਲਗਭਗ 25 ਏਕੜ ਕਣਕ ਦੀ ਫ਼ਸਲ ਅਤੇ ਸੈਂਕੜੇ ਏਕੜ ਨਾੜ
ਟਾਂਡਾ ਉੜਮੁੜ, 30 ਅਪ੍ਰੈਲ (ਬਾਜਵਾ): ਬਲਾਕ ਟਾਂਡਾ ਅਧੀਨ ਪਿੰਡ ਬੈਂਸ ਅਵਾਣ ਨਜ਼ਦੀਕ ਅੱਜ ਦੁਪਹਿਰ ਖੇਤਾਂ ਵਿਚ ਲੱਗੀ ਅੱਗ ਕਾਰਨ ਲਗਭਗ 25 ਏਕੜ ਕਣਕ ਦੀ ਫ਼ਸਲ ਅਤੇ ਸੈਂਕੜੇ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਤੇਜ਼ ਹਵਾ ਕਾਰਨ ਇਸ ਅੱਗ ਨੇ ਦੇਖਦੇ ਹੀ ਦੇਖਦੇ ਬੈਂਸ ਅਵਾਣ, ਮਿਆਣੀ, ਭੂਲਪੁਰ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਲਪੇਟ ਵਿਚ ਲੈ ਲਿਆ।
File Photo
ਇਨ੍ਹਾਂ ਉਕਤ ਪਿੰਡ ਵਾਸੀਆਂ ਨੇ ਬੜੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਭਿਆਨਕ ਅੱਗ ਅੱਗੇ ਉਹ ਬੇਵਸ ਦਿਖੇ। ਅੱਗ ਦੋ ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਤਬਾਹੀ ਮਚਾਉਂਦੀ ਰਹੀ। ਲਗਭਗ ਡੇਢ ਘੰਟੇ ਬਾਅਦ ਦਸੂਹਾ ਤੋਂ ਪਹੁੰਚੀ ਫ਼ਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ।
ਪਿੰਡ ਬੈਂਸ ਅਵਾਣ ਦੇ ਕਿਸਾਨ ਗੁਲਾਬ ਸਿੰਘ ਦੀ ਤਿੰਨ ਏਕੜ, ਰੁਲਦਾ ਸਿੰਘ ਦੀ 1 ਏਕੜ, ਚਰਨ ਸਿੰਘ ਨਿਵਾਸੀ ਮਿਆਣੀ ਦੀ 1 ਏਕੜ, ਲਖਵਿੰਦਰ ਸਿੰਘ ਮਿਆਣੀ ਦੀ 3 ਏਕੜ, ਹਰਬੰਸ ਸਿੰਘ ਦੀ 6 ਏਕੜ, ਰਤਨ ਸਿੰਘ ਮਿਆਣੀ ਦੀ ਚਾਰ ਕਨਾਲ ਅਤੇ ਹਰਨੇਕ ਸਿੰਘ ਨਿਵਾਸੀ ਬੈਂਸ ਅਵਾਣ ਦੀ ਦੋ ਏਕੜ ਕਣਕ ਸੜ ਕੇ ਸੁਆਹ ਹੋ ਗਈ।
ਇਸ ਮੌਕੇ ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ ਨੇ ਇਸ ਗੱਲ ਦਾ ਰੋਸ ਜਤਾਇਆ ਕਿ ਅੱਗ ਲੱਗਣ ਦੀ ਸੂਚਨਾ ਦੇਣ ਦੇ ਬਾਵਜੂਦ ਡੇਢ ਘੰਟੇ ਤਕ ਕੋਈ ਵੀ ਪੁਲਿਸ ਅਤੇ ਪ੍ਰਸ਼ਾਸਨਕ ਅਧਿਕਾਰੀ ਅਤੇ ਫ਼ਾਇਰ ਬ੍ਰਿਗੇਡ ਟੀਮ ਮੌਕੇ ’ਤੇ ਨਹੀਂ ਆਏ। ਇਸ ਦੌਰਾਨ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਦਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦਾ ਜਲਦ ਹੀ ਉਚਿਤ ਮੁਆਵਜ਼ਾ ਦਿਵਾਇਆ ਜਾਵੇਗਾ।