
ਭੁੱਖਮਰੀ ਤੋਂ ਪ੍ਰੇਸ਼ਾਨ ਇਕ ਗ਼ਰੀਬ ਵਿਅਕਤੀ ਅਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਹਾਈ ਵੋਲਟੇਜ਼ ਦੀਆਂ ਤਾਰਾਂ ਵਾਲੇ ਟਾਵਰ ’ਤੇ ਚੜ੍ਹ ਗਿਆ। ਇਸ ਨਾਲ ਜ਼ਿਲ੍ਹਾ
ਅੰਮ੍ਰਿਤਸਰ, 30 ਅਪ੍ਰੈਲ (ਅਰਵਿੰਦਰ ਵੜੈਚ): ਭੁੱਖਮਰੀ ਤੋਂ ਪ੍ਰੇਸ਼ਾਨ ਇਕ ਗ਼ਰੀਬ ਵਿਅਕਤੀ ਅਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਹਾਈ ਵੋਲਟੇਜ਼ ਦੀਆਂ ਤਾਰਾਂ ਵਾਲੇ ਟਾਵਰ ’ਤੇ ਚੜ੍ਹ ਗਿਆ। ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਵਾਰੀ ਹੱਥਾਂ ਪੈਰਾਂ ਦੀ ਪੈ ਗਈ। ਕਰੀਬ 35 ਫੁੱਟ ਟਾਵਰ ’ਤੇ ਚੜ੍ਹੇ ਵਿਅਕਤੀ ਨੂੰ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਅਪਣੀ ਲਪੇਟ ਵਿਚ ਲੈਂਦੀਆਂ, ਉਸ ਤੋਂ ਪਹਿਲਾਂ ਬਿਜਲੀ ਵਿਭਾਗ ਵਲੋਂ ਟਾਵਰ ਦੀ ਬਿਜਲੀ ਸਪਲਾਈ ਬੰਦ ਕਰ ਦਿਤੀ ਗਈ।
ਬੱਸ ਸਟੈਂਡ, ਜ਼ਹਾਜ਼ਗੜ੍ਹ ਦਾ ਕਰੀਬ ਇਕ ਪ੍ਰਵਾਸੀ ਵਿਅਕਤੀ ਵੀਰਵਾਰ ਸਵੇਰੇ ਕਰੀਬ 7.30 ਵਜੇ ਟਾਵਰ ’ਤੇ ਚੜ੍ਹ ਗਿਆ।
File photo
ਇਸ ਨੂੰ ਵੇਖਦਿਆਂ ਸਬੰਧਤ ਥਾਣੇ ਦੇ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਪੁਲਿਸ ਕਮਾਂਡੋ ਦੇ ਜਵਾਨਾਂ ਨੂੰ ਵੀ ਮੌਕੇ ’ਤੇ ਬੁਲਾ ਲਿਆ। ਕਮਾਂਡੋ ਦੇ ਜਵਾਨਾਂ ਨੇ ਟਾਵਰ ਤੇ ਚੜ੍ਹ ਕੇ ਗੱਲਬਾਤ ਕਰਦਿਆਂ ਉਸ ਨੂੰ ਹਰ ਸੰਭਵ ਸਹੂਲਤ ਦੇਣ ਦਾ ਦਿਲਾਸਾ ਦਿਤਾ ਅਤੇ ਪਾਣੀ ਵੀ ਪਿਲਾਇਆ। ਉਸ ਤੋਂ ਬਾਅਦ ਹੌਲੀ-ਹੌਲੀ ਉਸ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਗਿਆ ਅਤੇ ਉਸ ਦੀ ਸਥਿਤੀ ਨੂੰ ਦੇਖਦਿਆਂ ਐਂਬੂਲੈਂਸ ਵਿਚ ਬਿਠਾ ਕੇ ਸਰਕਾਰੀ ਹਸਪਤਾਲ ਲੈ ਜਾਇਆ ਗਿਆ। ਸ਼ਕਲ ਅਤੇ ਭਾਸ਼ਾ ਤੋਂ ਨਜ਼ਰ ਆਉਂਦੇ ਪ੍ਰਵਾਸੀ ਵਿਅਕਤੀ ਦਾ ਕਹਿਣਾ ਸੀ ਕਿ ਕਰਫ਼ਿਊ ਕਾਰਨ ਉਸ ਨੇ ਪਿਛਲੇ ਦਿਨਾਂ ਤੋਂ ਖਾਣਾ ਨਹੀਂ ਖਾਧਾ ਜਿਸ ਕਰ ਕੇ ਉਹ ਕਾਫੀ ਪ੍ਰੇਸ਼ਾਨ ਸੀ। ਟਾਵਰ ਦੇ ਕਰੀਬ ਪਏ ਵਿਅਕਤੀ ਦੇ ਸਾਮਾਨ ਦਾ ਬੈਗ ਵੀ ਪ੍ਰਸ਼ਾਸਨ ਨੇ ਅਪਣੇ ਕਬਜ਼ੇ ਵਿਚ ਲੈ ਲਿਆ।