
ਪ੍ਰਕਾਸ਼ ਜਾਵਡੇਕਰ, ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਕਿਹਾ ਹੈ ਕਿ ਆਧੁਨਿਕ ਸਿਖਿਆ ਦਾ ਮੁੱਖ ਉਦੇਸ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਣਾ ...
ਅੰਮ੍ਰਿਤਸਰ, ਪ੍ਰਕਾਸ਼ ਜਾਵਡੇਕਰ, ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਕਿਹਾ ਹੈ ਕਿ ਆਧੁਨਿਕ ਸਿਖਿਆ ਦਾ ਮੁੱਖ ਉਦੇਸ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਹੈ ਤਾਂ ਜੋ ਉਹ ਦੇਸ਼, ਸਮਾਜ ਅਤੇ ਰਾਸ਼ਟਰ ਦੇ ਵਿਕਾਸ ਲਈ ਅਪਣਾ ਅਹਿਮ ਯੋਗਦਾਨ ਦੇ ਸਕਣ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ 44ਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਕਨਵੋਕੇਸ਼ਨ ਭਾਸ਼ਨ ਦੇ ਰਹੇ ਸਨ।
ਇਸ ਮੌਕੇ ਉਨ੍ਹਾਂ ਨੇ ਭਾਰਤ ਦੇ ਸਾਬਕਾ ਚੀਫ਼ ਜਸਟਿਸ, ਜਸਟਿਸ ਜਗਦੀਸ਼ ਸਿੰਘ ਖੇਹਰ (ਰਿਟਾ.) ਅਤੇ ਭਾਰਤੀ ਸੈਨਾ ਦੇ ਸਾਬਕਾ ਚੀਫ਼, ਜਨਰਲ ਬਿਕਰਮ ਸਿੰਘ (ਰਿਟਾ.) ਨੂੰ ਗੁਰੂ ਨਾਨਕ ਦੇਵ ਯੂਨੀਵਰਸਟੀ ਵਲੋਂ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੇ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਸਥਾਪਤ ਇਹ ਯੂਨੀਵਰਸਟੀ ਬਾਕੀ ਯੂਨੀਵਰਸਟੀਆਂ ਲਈ ਆਦਰਸ਼ ਯੂਨੀਵਰਸਟੀ ਬਣੇਗੀ ਅਤੇ ਦੇਸ਼ ਦੀਆਂ ਯੂਨੀਵਰਸਟੀਆਂ ਨੂੰ ਅਗਵਾਈ ਦੇਣ ਦੀ ਸਮਰੱਥਾ ਰੱਖੇਗੀ। ਇਹ ਯੂਨੀਵਰਸਟੀ ਆਈ.ਆਈ.ਐਸ.ਸੀ. ਬੰਗਲੌਰ ਤੋਂ ਬਾਅਦ ਦੇਸ਼ ਦੀ ਯੂਨੀਵਰਸਟੀ ਹੈ
ਜਿਸ ਨੂੰ ਏ++ ਦਾ ਦਰਜਾ ਪ੍ਰਾਪਤ ਹੈ। ਇਸ ਤੋਂ ਪਹਿਲਾਂ ਵਾਈਸ-ਚਾਂਸਲਰ, ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਨੇ ਮੰਤਰੀ ਅਤੇ ਕਨਵੋਕੇਸ਼ਨ ਵਿਚ ਭਾਗ ਲੈਣ ਵਾਲੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਯੂਨੀਵਰਸਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿਤੀ।ਯੂਨੀਵਰਸਟੀ ਦੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਇਸ ਮੌਕੇ ਮੰਚ ਦਾ ਸੰਚਾਲਣ ਕੀਤਾ ਜਦੋਂ ਕਿ ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਨੇ ਧਨਵਾਦ ਦਾ ਮਤਾ ਪੇਸ਼ ਕੀਤਾ।
ਇਹ ਕਨਵੋਕੇਸ਼ਨ ਯੂਨੀਵਰਸਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਕਰਵਾਈ ਗਈ ਜਿਸ ਵਿਚ ਵੱਖ-ਵੱਖ ਫ਼ੈਕਲਟੀਆਂ ਦੇ ਵਿਦਿਆਰਥੀਆਂ ਨੂੰ 179 ਮੈਡਲ ਅਤੇ 711 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਜਾਵਡੇਕਰ ਨੇ ਕਨਵੋਕੇਸ਼ਨ ਵਿਚ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਿਖਿਆ ਵਿਚ ਗੁਣਵਤਾ ਅਤੇ ਤਬਦੀਲੀ ਦੇ ਉਪਰਾਲੇ ਸ਼ੁਰੂ ਤੋਂ ਕੀਤੇ ਜਾਣੇ ਚਾਹੀਦੇ ਹਨ। ਵੱਖ ਵੱਖ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਨਵੀਆਂ ਖੋਜਾਂ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਇਸ ਲਈ ਸਾਨੂੰ ਅਕਾਦਮਿਕਤਾ ਵਿਚ ਖੋਜ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕਰਨੇ ਪੈਣਗੇ।
ਇਸ ਤੋਂ ਪਹਿਲਾਂ ਯੂਨੀਵਰਸਟੀ ਵਲੋਂ ਆਨਰੇਰੀ ਡਿਗਰੀ ਮਿਲਣ 'ਤੇ ਜਸਟਿਸ (ਰਿਟਾ.) ਜਗਦੀਸ਼ ਸਿੰਘ ਖੇਹਰ ਨੇ ਅਪਣੇ ਆਪ ਨੂੰ ਸੁਭਾਗਾ ਦਸਿਆ ਤੇ ਕਿਹਾ ਕਿ ਉਨ੍ਹਾਂ ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਟੀ ਵਲੋਂ ਜੋ ਮਾਣ ਸਨਮਾਨ ਮਿਲਿਆ ਹੈ ਉਹ ਮੇਰੇ ਲਈ ਬਹੁਤ ਖ਼ੁਸ਼ੀ ਦਾ ਮੌਕਾ ਹੈ। ਉਨ੍ਹਾਂ ਤੋਂ ਬਾਅਦ ਆਨਰੇਰੀ ਡਿਗਰੀ ਮਿਲਣ 'ਤੇ ਜਨਰਲ (ਰਿਟਾ.) ਬਿਕਰਮ ਸਿੰਘ ਨੇ ਕਿਹਾ ਕਿ ਸੁਪਨੇ ਉਹ ਹੁੰਦੇ ਹਨ ਜਿਹੜੇ ਤੁਹਾਨੂੰ ਸੌਣ ਨਾ ਦੇਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਤਸੀਂ ਨੈਤਿਕਤਾ ਦਾ ਰਸਤਾ ਅਪਣਾਉਂਦੇ ਹੋਏ ਦ੍ਰਿੜ ਨਿਸਚੇ ਨਾਲ ਮਿਹਨਤ ਕਰੋ।
ਇਸ ਮੌਕੇ ਜਾਵੇਡਕਰ ਅਤੇ ਵਾਈਸ-ਚਾਂਸਲਰ ਨੇ ਸਕਾਲਰਜ਼ ਅਤੇ ਵਿਦਿਆਰਥੀਆਂ ਨੂੰ ਪੀ.ਐਚ.ਡੀ., ਐਮ.ਫਿਲ., ਐਮ.ਟੈਕ., ਐਲ.ਐਲ.ਐਮ., ਐਮ.ਐਸ.ਸੀ., ਐਮ.ਬੀ.ਏ., ਐਮ.ਬੀ.ਈ., ਐਮ.ਕਾਮ., ਐਮ.ਏ., ਬੀ.ਟੈਕ., ਬੀ.ਐਸ.ਸੀ., ਐਲ.ਐਲ.ਬੀ., ਬੀ.ਸੀ.ਏ., ਬੀ.ਬੀ.ਏ., ਬੀ.ਕਾਮ ਅਤੇ ਬੀ.ਏ. ਆਦਿ ਕੋਰਸਾਂ ਦੀਆਂ ਡਿਗਰੀਆਂ ਅਤੇ ਤਮਗ਼ਿਆਂ ਨਾਲ ਸਨਮਾਨਤ ਕੀਤਾ। ਇਸ ਹੋਰਨਾਂ ਤੋਂ ਇਲਾਵਾ ਇੰਜੀ. ਸ਼ਵੇਤ ਮਲਿਕ, ਮੈਂਬਰ ਰਾਜ ਸਭਾ, ਤਰੁਨ ਚੁੱਘ ਅਤੇ ਸ. ਰਜਿੰਦਰ ਮੋਹਨ ਸਿੰਘ ਛੀਨਾ, ਰਾਜੇਸ਼ ਹਨੀ ਵੀ ਹਾਜ਼ਰ ਸਨ।