
ਕੈਬਨਿਟ ਵਜ਼ੀਰ ਸਿੰਗਲਾ ਤੇ ਰੰਧਾਵਾ ਨੇ ਕਰਤਾਰਪੁਰ ਲਾਂਘੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਚੰਡੀਗੜ੍ਹ: ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਅੱਜ ਵਿਜੇ ਇੰਦਰ ਸਿੰਗਲਾ ਪੀ.ਡਬਲਿਊ.ਡੀ. ਮੰਤਰੀ ਪੰਜਾਬ ਵਿਸ਼ੇਸ ਤੌਰ 'ਤੇ ਇਤਿਹਾਸਿਕ ਤੇ ਧਾਰਮਿਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਪੁਹੰਚੇ। ਉਨ੍ਹਾਂ ਦੇ ਨਾਲ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਸਹਿਕਾਰਤਾ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ ਤੌਰ ’ਤੇ ਮੌਜੂਦ ਸਨ।
Construction of Sri Kartarpur Sahib Corridor to be complete by September 30-Singla
ਇਸ ਮੌਕੇ ਉਨਾਂ ਅੰਤਰਰਾਸਟਰੀ ਸਰਹੱਦ ਭਾਰਤ-ਪਾਕਿਸਤਾਨ ਸਰਹੱਦ ’ਤੇ ਖਲੋ ਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਤੇ ਸਰਹੱਦ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਵਜ਼ੀਰ ਸਿੰਗਲਾ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜਿਥੇ ਕਰਤਾਰਪੁਰ ਕੋਰੀਡੋਰ ਦੇ ਵਿਕਾਸ ਕੰਮ ਚੱਲ ਰਹੇ ਹਨ ਵਿਖੇ ਪਹੁੰਚ ਕੇ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ
ਅਤੇ ਉਹ ਅਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨਾਂ ਨੂੰ ਇਸ ਇਤਿਹਾਸਿਕ ਤੇ ਧਾਰਮਿਕ ਸਥਾਨ ’ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਦੇਸ਼-ਵਿਦੇਸ਼ ਵਿਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਿਸ਼ਵਾਸ ਦਿਵਾਉਦੇ ਹਨ ਕਿ ਸੰਗਤਾਂ ਦੀਆਂ ਉਮੀਦਾਂ ਤੇ ਪੂਰਾ ਉਤਰਦਿਆਂ ਸੰਗਤਾਂ ਨੂੰ ਹਰ ਸਹੂਲਤ ਪੁਜਦਾ ਕੀਤੀ ਜਾਵੇਗੀ ਤੇ ਨਵੰਬਰ 2019 ਤਕ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਵਿਕਾਸ ਕੰਮ ਮੁਕੰਮਲ ਕਰ ਲਏ ਜਾਣਗੇ। ਉਨਾਂ ਕਿਹਾ ਕਿ ਸਮੁੱਚੀ ਸੰਗਤਾ ਦੇ ਆਸ਼ਰੀਵਾਦ ਨਾਲ ਵਿਕਾਸ ਕੰਮ ਸਿਰੇ ਚੜ੍ਹਨਗੇ।
Vijay Inder Singla and Sukhjinder Singh Randhawa arrives at Dera Baba Nanak
ਕੈਬਨਿਟ ਮੰਤਰੀ ਸਿੰਗਲਾ ਤੇ ਰੰਧਾਵਾ ਨੇ ਅੰਤਰਰਾਸ਼ਟਰੀ ਸਰਹੱਦ ’ਤੇ ਜਾ ਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਦੀਦਾਰੇ ਕੀਤੇ ਤੇ ਅਰਦਾਸ ਕੀਤੀ। ਸਿੰਗਲਾ ਨੇ ਕਰਤਾਰਪੁਰ ਸਾਹਿਬ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਹੋਇਆ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ 550 ਸਾਲਾਂ ਸ਼ਤਾਬਦੀ ਦਿਵਸ ਨੂੰ ਲੈ ਕੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 30 ਸਤੰਬਰ 2019 ਤਕ ਕੋਰੀਡੋਰ ਦੇ ਰਸਤੇ ਦੇ ਵਿਕਾਸ ਕੰਮ ਮੁਕੰਮਲ ਹੋ ਜਾਣਗੇ ਤੇ ਵਿਕਾਸ ਕੰਮ ਤੇਜ਼ਗਤੀ ਨਾਲ ਚੱਲ ਰਹੇ ਹਨ।
ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ 550 ਸਾਲਾਂ ਸ਼ਤਾਬਦੀ ਦਿਵਸ ਤੋ ਪਹਿਲਾਂ-ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਤੱਕ ਆਉਣ ਵਾਲੀਆਂ ਸਾਰੀਆ ਸੜਕਾਂ ਨੂੰ ਚੌੜਿਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਚੂੜੀਆ ਤੋਂ ਡੇਰਾ ਬਾਬਾ ਨਾਨਕ ਤੱਕ ਆਉਣ ਵਾਲੀ ਸੜਕ ਨੂੰ ਚੌੜਿਆ ਕੀਤਾ ਜਾਵੇਗਾ। ਇਸ ਤਰ੍ਹਾਂ ਬਟਾਲਾ ਤੋਂ ਡੇਰਾ ਬਾਬਾ ਨਾਨਕ ਤੱਕ ਆਉਣ ਵਾਲੀ ਸੜਕ ਨੂੰ ਚੌੜਿਆ ਕੀਤਾ ਜਾਵੇਗਾ ਜਦ ਕਿ ਰਮਦਾਸ ਤੋਂ ਡੇਰਾ ਬਾਬਾ ਨਾਨਕ ਤੱਕ ਆਉਣ ਵਾਲੀਆਂ ਸੜਕਾਂ ਨੂੰ ਚੌੜਿਆ ਕੀਤਾ ਜਾਵੇਗਾ।
Vijay Inder Singla
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਤੇ ਵਿਕਾਸ ਕੰਮ ਤੇਜ ਗਤੀ ਨਾਲ ਮੁਕੰਮਲ ਕਰਵਾਏ ਜਾਣਗੇ। ਇਸ ਮੌਕੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਪੰਜਾਬ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 550 ਸਾਲਾਂ ਸ਼ਤਾਬਦੀ ਦਿਵਸ ਮੌਕੇ ਦੇਸ਼ਾਂ ਵਿਦੇਸ਼ਾਂ ਤੇ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਦਿਕਤ ਪੇਸ਼ ਨਹੀ ਆਉਣ ਦਿਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਇਸ ਕਸਬੇ ਨੂੰ ਹੈਰੀਟੇਜ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਕੈਬਨਿਟ ਵਜੀਰ ਸਿੰਗਲਾ ਨੇ ਸਥਾਨਕ ਪੀ.ਡਬਲਿਊ.ਡੀ. ਰੈਸਟ ਹਾਊਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਤਿਹਾਸਿਕ ਕਸਬੇ ਡੇਰਾ ਬਾਬਾ ਨਾਨਕ ਦੇ ਵਿਕਾਸ ਕੰਮਾਂ ਵਿਚ ਹੋਰ ਤੇਜ਼ਗਤੀ ਲਿਆਂਦੀ ਜਾਵੇ ਤੇ ਵਿਕਾਸ ਕੰਮ ਨਿਰਧਾਰਿਤ ਸਮੇਂ ਵਿਚ ਮੁਕੰਮਲ ਕੀਤੇ ਜਾਣ।
Vijay Inder Singla and Sukhjinder Singh Randhawa arrives at Dera Baba Nanak
ਇਸ ਮੌਕੇ ਸਰਵ ਸੀ ਗੁਰਸਿਮਰਨ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ, ਚੀਫ ਇੰਜੀ. ਪੀ.ਡਬਲਿਊ.ਡੀ ਜੇ.ਐਸ.ਮਾਨ ਤੇ ਅਰੁਣ ਕੁਮਾਰ, ਐਸ.ਈ ਭੁਪਿੰਦਰ ਸਿੰਘ ਤੁਲੀ, ਐਨ.ਆਰ ਗੋਇਲ, ਸੁਖਦੇਵ ਸਿੰਘ, ਐਕਸੀਅਨ ਅੰਗਰੇਜ ਸਿੰਘ, ਇੰਦਰਜੀਤ ਸਿੰਘ, ਰਜਿੰਦਰ ਸਿੰਘ, ਹਰਜੋਤ ਸਿੰਘ, ਐਸ.ਡੀ.ਓ ਨਿਰਮਲ ਸਿੰਘ, ਹਰਜਿੰਦਰ ਸਿੰਘ, ਦਵਿੰਦਰਪਾਲ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਮੌਜੂਦ ਸਨ।