
ਹੁਣ 10ਵੀਂ ਦੀ ਤਰ੍ਹਾਂ 12ਵੀਂ ਦੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ
ਨਵੀਂ ਦਿੱਲੀ-ਸੀ.ਬੀ.ਐੱਸ.ਈ. 12ਵੀਂ ਬੋਰਡ ਪ੍ਰੀਖਿਆਵਾਂ ਲਈ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ।ਹੁਣ 10ਵੀਂ ਦੀ ਤਰ੍ਹਾਂ 12ਵੀਂ ਦੀਆਂ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 'ਤੇ ਮੰਗਲਵਾਰ ਨੂੰ ਇਕ ਲੰਬੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ।
ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਦੇਸ਼ ਭਰ 'ਦੇ ਵਿਦਿਆਰਥੀਆਂ ਅਤੇ ਮਾਪਿਆਂ 'ਚ ਤੀਸਰੀ ਲਹਿਰ ਦੇ ਖਤਰੇ ਦਰਮਿਆਨ 12ਵੀਂ ਦੀ ਪ੍ਰੀਖਿਆ ਕਰਵਾਉਣ ਨੂੰ ਲੈ ਕੇ ਡਰ ਹੈ। ਇਸ ਨੂੰ ਲੈ ਕੇ ਸੀ.ਬੀ.ਐੱਸ.ਈ. ਅਤੇ ਸਿੱਖਿਆ ਮੰਤਰਾਲਾ ਵੱਲੋਂ ਅੱਜ ਹੀ ਸੀ.ਬੀ.ਐੱਸ.ਈ. ਬੋਰਡ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਦੀ ਤਾਰੀਕ ਐਲਾਨ ਕੀਤੀ ਜਾਣੀ ਸੀ ਪਰ ਸਿੱਖਿਆ ਮੰਤਰੀ ਦੀ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਪ੍ਰੀਖਿਆਵਾਂ ਨੂੰ ਲੈ ਕੇ ਅਸਮੰਜਸ ਵਧ ਗਿਆ ਸੀ। ਲੰਬੇ ਸਮੇਂ ਤੋਂ ਵਿਦਿਆਰਥੀ ਅਤੇ ਮਾਪੇ ਵੀ ਇਸ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ। ਦਿੱਲੀ ਸਮੇਤ ਕੁਝ ਸੂਬਾ ਸਰਕਾਰਾਂ ਨੇ ਵੀ 12ਵੀਂ ਬੋਰਡ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਦੱਸ ਦੇਈਏ ਕਿ ਸੁਪਰੀਮ ਕੋਰਟ 'ਚ ਵੀ ਇਸ ਮਾਮਲੇ 'ਤੇ ਸੁਣਵਾਈ ਚੱਲ ਰਹੀ ਸੀ।
ਅੱਜ ਬੈਠਕ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਸੀ.ਬੀ.ਐੱਸ.ਈ. 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਉਨ੍ਹਾਂ ਦੀ ਸੁਰੱਖਿਆ ਪਹਿਲਾਂ ਹੈ ਜਿਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।