
ਹਰਪਾਲਪੁਰ ਨੇ ਜਦੋਂ ਆਪਣੀ ਜਮਾਨਤ ਲਈ ਪਟਿਆਲਾ ਵਿਖੇ ਅਰਜ਼ੀ ਪਾਈ, ਤਾਂ 28 ਮਈ ਨੂੰ ਖਾਰਜ ਹੋ ਗਈ ਸੀ
Punjab News: ਪਟਿਆਲਾ (ਰਾਜਿੰਦਰ ਸਿੰਘ ਥਿੰਦ) : ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਵਿਰੁਧ ਕਿਸਾਨਾਂ ਵਲੋਂ ਪਟਿਆਲਾ ਦੇ ਪਿੰਡ ਸੇਹਰਾ ਵਿਖੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਸੁਰਿੰਦਰਪਾਲ ਸਿੰਘ ਆਕੜੀ ਨਾਮ ਦੇ ਕਿਸਾਨ ਦੀ ਹੋਈ ਮੌਤ ਸਬੰਧੀ ਦਰਜ ਮਾਮਲੇ ਵਿਚ ਪ੍ਰਨੀਤ ਕੌਰ ਸਮਰਥਕ ਅਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ 4 ਮਈ ਨੂੰ ਜਦੋਂ ਪ੍ਰਨੀਤ ਕੌਰ ਪਿੰਡ ਸੇਹਰਾ ਵਿਖੇ ਚੋਣ ਮੀਟਿੰਗ ਵਿਚ ਸ਼ਾਮਲ ਹੋਣ ਲਈ ਗਈ ਸੀ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਘਿਰਾਉ ਕਰ ਕੇ ਰੋਸ ਮੁਜਾਹਰਾ ਕੀਤਾ। ਇਸ ਦੌਰਾਨ ਹੀ ਇਕ ਕਿਸਾਨ ਸੁਰਿੰਦਰਪਾਲ ਆਕੜੀ ਦੀ ਮੌਤ ਹੋ ਗਈ ਸੀ। ਜਿਸ ਲਈ ਉਸ ਮੌਕੇ ਪ੍ਰਨੀਤ ਕੌਰ ਦੇ ਨਾਲ ਮੌਜੂਦ ਹਰਵਿੰਦਰ ਹਰਪਾਲਪੁਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਕਿਸਾਨ ਜਥੇਬੰਦੀਆਂ ਦੀ ਮੰਗ ਅਤੇ ਮਿ੍ਰਤਕ ਦੇ ਭਤੀਜੇ ਦੀ ਸ਼ਿਕਾਇਤ ’ਤੇ ਧਾਰਾ 304 ਤਹਿਤ 5 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ।
ਹਰਪਾਲਪੁਰ ਨੇ ਜਦੋਂ ਆਪਣੀ ਜਮਾਨਤ ਲਈ ਪਟਿਆਲਾ ਵਿਖੇ ਅਰਜ਼ੀ ਪਾਈ, ਤਾਂ 28 ਮਈ ਨੂੰ ਖਾਰਜ ਹੋ ਗਈ ਸੀ ਇਸ ਮਗਰੋਂ ਉਸ ਨੇ 30 ਮਈ ਨੂੰ ਅਪਣੇ ਵਕੀਲ ਪ੍ਰੀਤਇੰਦਰ ਸਿੰਘ ਆਹਲੂਵਾਲੀਆ ਰਾਹੀਂ ਹਾਈ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ। ਜਿਸ ’ਤੇ ਹਾਈ ਕੋਰਟ ਦੇ ਜਸਟਿਸ ਕਰਮਜੀਤ ਸਿੰਘ ਦੀ ਅਗਵਾਈ ਹੇਠਲੀ ਅਦਾਲਤ ਨੇ ਹਰਵਿੰਦਰ ਹਰਪਾਲਪੁਰ ਨੂੰ ਤਫ਼ਤੀਸ਼ ਵਿਚ ਸ਼ਾਮਲ ਹੋਣ ਦੀ ਸ਼ਰਤ ਦੇ ਅਧਾਰ ’ਤੇ ਅੱਜ ਅਗਾਊ ਜ਼ਮਾਨਤ ਦੇ ਦਿਤੀ।