
ਕਬੀਰ ਜੀ ਵਲੋਂ ਲੋਕਾਂ ਨੂੰ ਵਿਸ਼ਵ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਦਿਤੇ ਸੰਦੇਸ਼ 'ਤੇ ਚੱਲਣ ਦਾ ਸੱਦਾ ਦਿੰਦਿਆਂ ਜੰਗਲਾਤ ਅਤੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ...
ਜਲੰਧਰ/ਚੰਡੀਗੜ੍ਹ : ਕਬੀਰ ਜੀ ਵਲੋਂ ਲੋਕਾਂ ਨੂੰ ਵਿਸ਼ਵ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਦਿਤੇ ਸੰਦੇਸ਼ 'ਤੇ ਚੱਲਣ ਦਾ ਸੱਦਾ ਦਿੰਦਿਆਂ ਜੰਗਲਾਤ ਅਤੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਸ ਰੂਹਾਨੀ ਮਹਾਂਪੁਰਸ਼ ਦਾ ਜੀਵਨ, ਸੋਚ ਅਤੇ ਸਿਖਿਆਵਾਂ ਲੋਕਾਂ ਨੂੰ ਸਹੀ ਮਾਰਗ ਦਰਸ਼ਨ ਪ੍ਰਦਾਨ ਕਰਨ ਦੇ ਨਾਲ-ਨਾਲ ਆਗਿਆਨਤਾ ਦੇ ਹਨੇਰੇ ਵਿਚੋਂ ਕੱਢਣ ਲਈ ਬਹੁਤ ਹੀ ਸਾਰਥਕ ਸਿੱਧ ਹੋ ਰਹੀਆਂ ਹਨ।
ਕਬੀਰ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਅੱਜ ਜਲੰਧਰ ਵਿਖੇ ਰਾਜ ਪਧਰੀ ਸਮਾਗਮ ਮੌਕੇ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਉਨ੍ਹਾਂ ਨੇ ਲੋਕਾਂ ਨੂੰ 'ਭਗਤੀ ਲਹਿਰ' ਦੇ ਬਾਨੀ ਇਸ ਮਹਾਨ ਸੰਤ ਜਿਨ੍ਹਾਂ ਨੇ ਮਨੁੱਖਤਾ ਨੂੰ ਪਿਆਰ, ਸ਼ਾਂਤੀ ਅਤੇ ਭਰਾਤਰੀ ਭਾਵ ਦਾ ਸੰਦੇਸ਼ ਦਿਤਾ, ਦੀਆਂ ਸਿਖਿਆਵਾਂ 'ਤੇ ਚੱਲਣ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਕਬੀਰ ਜੀ ਦੀ ਬਾਣੀ ਅਜੋਕੇ ਸਮੇਂ ਵਿਚ ਮਨੁੱਖਤਾ ਨੂੰ ਦਰਪੇਸ਼ ਅਨੇਕਾਂ ਸਮੱਸਿਆਵਾਂ ਦਾ ਨਿਵਾਰਣ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੇ ਮਨੁੱਖਤਾ ਨੂੰ ਰੂਹਾਨੀ ਤੌਰ 'ਤੇ ਪੂਰੀ ਤਰ੍ਹਾਂ ਸੰਤੁਸ਼ਟ ਕੀਤਾ ਹੈ ਕਿ ਇਹ ਜਾਤ, ਪਾਤ ਅਤੇ ਧਰਮਾਂ ਦੇ ਵਖਰੇਵਿਆਂ ਤੋਂ ਉਪਰ ਹੈ। ਸ੍ਰ.ਧਰਮਸੋਤ ਨੇ ਕਿਹਾ ਕਿ ਕਬੀਰ ਜੀ ਵਲੋਂ ਦਿਤੇ ਵਿਸ਼ਵ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸੁਨੇਹੇ ਦਾ ਪ੍ਰਚਾਰ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਬੀਰ ਵਲੋਂ ਸਮਾਜਿਕ ਬੁਰਾਈਆਂ ਜਿਵੇਂ ਜਾਤੀਵਾਦ, ਛੂਆ-ਛਾਤ ਅਤੇ ਹੋਰ ਅਜਿਹੀਆਂ ਬੁਰਾਈਆਂ ਜੋ ਸਮਾਜ ਨੂੰ ਕਮਜ਼ੋਰ ਕਰਦੀਆਂ ਸਨ, ਵਿਰੁਧ ਲੜਾਈ ਲੜੀ ਗਈ।
ਉਨ੍ਹਾਂ ਕਿਹਾ ਕਬੀਰ ਜੀ ਵਲੋਂ ਸਮਾਜਵਾਦ ਅਤੇ ਧਰਮਨਿਰਪੱਖਤਾ ਦਾ ਦਿਖਾਇਆ ਮਾਰਗ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਮੁੱਖ ਪਹਿਚਾਣ ਹੈ। ਸ੍ਰ.ਧਰਮਸੋਤ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਸੂਬਾ ਸਰਕਾਰ ਵਲੋਂ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਜਲੰਧਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸਮਾਜ ਵਿਚੋਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਾਨੂੰ ਕਬੀਰ ਜੀ ਵਲੋਂ ਦਰਸਾਏ ਮਾਰਗ ਨੂੰ ਅਪਣਾਉਣਾ ਚਾਹੀਦਾ ਹੈ।
ਇਸ ਪਵਿੱਤਰ ਦਿਹਾੜੇ ਦੀ ਲੋਕਾਂ ਨੂੰ ਵਧਾਈ ਦਿੰਦਿਆਂ ਵਿਧਾਇਕ ਸ੍ਰੀ ਸ਼ੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਕਬੀਰ ਜੀ ਦੀਆਂ ਸਿੱਖਿਆਵਾਂ ਜਾਤ-ਪਾਤ ਅਤੇ ਧਾਰਮਿਕ ਵਲਗਣਾ ਤੋਂ ਉਪਰ ਹਨ। । ਸ੍ਰੀ ਰਿੰਕੂ ਨੇ ਇਸ ਪਵਿੱਤਰ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਜਲੰਧਰ ਵਿਖੇ ਕਰਵਾਉਣ 'ਤੇ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੌਕੇ ਮਲਕੀਤ ਸਿੰਘ ਦਾਖਾ, ਦਲਜੀਤ ਸਿੰਘ ਆਹੂਲਵਾਲੀਆ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਸ.ਡੀ.ਐਮ.ਪਰਮਵੀਰ ਸਿੰਘ ਆਦਿ ਹਾਜ਼ਰ ਸਨ।