
''ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਮਹਿਲਾਵਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ....
ਚੰਡੀਗੜ੍ਹ, ''ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਮਹਿਲਾਵਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜੋ ਮਹਿਲਾਵਾਂ ਤੇਜ਼ਾਬ ਹਮਲਿਆਂ ਦਾ ਸ਼ਿਕਾਰ ਬਣੀਆਂ ਹਨ। ਪੰਜਾਬ ਸਰਕਾਰ ਅਜਿਹੇ ਮਾਮਲਿਆਂ ਵਿਚ ਸਹਾਇਤਾ ਪ੍ਰਦਾਨ ਕਰਨ ਨੂੰ ਤਰਜੀਹ ਦੇ ਰਹੀ ਹੈ।''
ਇਹ ਜਾਣਕਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੰਦਿਆਂ ਪੰਜਾਬ ਦੀ ਸਮਾਜਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਤੇਜ਼ਾਬੀ ਹਮਲੇ ਸਮਾਜ ਦੇ ਮੱਥੇ ਉਤੇ ਲਗਿਆ ਹੋਇਆ ਕਲੰਕ ਹਨ ਅਤੇ ਇਹ ਬੀਮਾਰ ਮਾਨਸਿਕਤਾ ਦਾ ਪ੍ਰਤੀਕ ਹਨ।ਚੌਧਰੀ ਨੇ ਦਸਿਆ ਕਿ ਮੌਜੂਦਾ ਸੂਬਾ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਮਾਰਚ 2018 ਤਕ ਤੇਜ਼ਾਬੀ ਹਮਲੇ ਪੀੜਤ ਸਹਾਇਤਾ ਸਕੀਮ ਤਹਿਤ 12 ਪੀੜਤ ਮਹਿਲਾਵਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਾਲੀ ਮਦਦ ਮੁਹੱਈਆ ਕੀਤੀ ਹੈ।
ਉਨ੍ਹਾਂ ਦਸਿਆ ਕਿ ਸਾਲ 2018-19 ਲਈ ਸੂਬਾ ਸਰਕਾਰ ਨੇ ਇਸ ਮਕਸਦ ਹਿਤ 10 ਲੱਖ ਰੁਪਏ ਦਾ ਬਜਟ ਮਨਜੂਰ ਕੀਤਾ ਹੈ ਅਤੇ ਸਾਲ 2017-18 ਵਿਚ ਵੀ 10 ਲੱਖ ਰੁਪਏ ਦੀ ਹੀ ਰਕਮ ਇਸ ਮਕਸਦ ਹਿਤ ਮਨਜੂਰ ਕੀਤੀ ਗਈ ਸੀ। ਸ੍ਰੀਮਤੀ ਚੌਧਰੀ ਨੇ ਦਸਿਆ ਕਿ ਤੇਜ਼ਾਬ ਹਮਲੇ ਤੋਂ ਪੀੜਤ ਮਹਿਲਾ ਅਪਣੀ ਅਰਜ਼ੀ ਜਮਾਂ ਕਰਨ ਦੀ ਮਿਤੀ ਤੋਂ ਹੀ ਪੈਨਸ਼ਨ ਦੀ ਹੱਕਦਾਰ ਹੈ
ਅਤੇ ਉਸ ਦੁਆਰਾ ਆਪਣੀ ਅਰਜ਼ੀ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਸਮਾਜਕ ਸੁਰੱਖਿਆ ਅਫ਼ਸਰ ਕੋਲ ਜਮ੍ਹਾਂ ਕਰਵਾਈ ਜਾ ਸਕਦੀ ਹੈ ਬਸ਼ਰਤੇ ਕਿ ਅਪੰਗਤਾ ਦੀ ਮਾਤਰਾ 40 ਫ਼ੀ ਸਦੀ ਜਾਂ ਇਸ ਤੋਂ ਵੱਧ ਹੋਵੇ ਅਤੇ ਪੀੜਤ ਕੋਲ ਅਪੰਗਤਾ ਪ੍ਰਮਾਣ ਪੱਤਰ ਹੋਵੇ ਜੋ ਕਿ ਜ਼ਿਲ੍ਹੇ ਦੇ ਸਿਵਲ ਸਰਜਨ ਦੇ ਦਫਤਰ ਤੋਂ ਮੁਫ਼ਤ ਹਾਸਲ ਕੀਤਾ ਜਾ ਸਕਦਾ ਹੈ।