
ਬਾਦਲ ਸਰਕਾਰ ਵੇਲੇ ਤਾਂ ਨਾਜਾਇਜ਼ ਮਾਈਨਿੰਗ ਖੁਲੇਆਮ ਡੰਕੇ ਦੀ ਚੋਟ ’ਤੇ ਹੁੰਦੀ ਸੀ : ਡਾ. ਵੇਰਕਾ
ਚੰਡੀਗੜ੍ਹ, 30 ਜੂਨ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਕਥਿਤ ਨਾਜਾਇਜ਼ ਮਾਈਨਿੰਗ ਨੂੰ ਫੜਨ ਲਈ ਬਿਆਸ ਦਰਿਆ ਦੇ ਖੇਤਰ ਵਿਚ ਕੀਤੀ ਛਾਪੇਮਾਰੀ ਬਾਰੇ ਕਾਂਗਰਸ ਬੁਲਾਰੇ ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਬਾਦਲ ਸਰਕਾਰ ਸਮੇਂ ਨਾਜਾਇਜ਼ ਮਾਈਨਿੰਗ ਖੁਲ੍ਹੇਆਮ ਡੰਕੇ ਦੀ ਚੋਟ ’ਤੇ ਹੁੰਦੀ ਸੀ ਪਰ ਹੁਣ ਕੁੱਝ ਲੋਕ ਲੁਕ ਛਿਪ ਕੇ ਅਜਿਹਾ ਕਾਰੋਬਾਰ ਕਰਦੇ ਹਨ। ਅੱਜ ਇਥੇ ਪੰਜਾਬ ਕਾਂਗਰਸ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਅਜਿਹਾ ਨਾਜਾਇਜ਼ ਕੰਮ ਸਾਹਮਣੇ ਆਉਣ ’ਤੇ ਕਿਸੇ ਨੂੰ ਨਹੀਂ ਬਖ਼ਸ਼ਦੀ। ਉਨ੍ਹਾਂ ਕਿਹਾ ਕਿ ਅੱਜ ਵੀ ਸਰਕਾਰ ਦੇ ਅਧਿਕਾਰੀ ਬਿਆਸ ਸੁਖਬੀਰ ਦੇ ਛਾਪੇ ਸਮੇਂ ਮੌਕੇ ’ਤੇ ਭੇਜੇ ਗਏ ਪਰ ਸਬੰਧਤ ਲੋਕਾਂ ’ਤੇ ਕੰਪਨੀ ਵਾਲਿਆਂ ਦਾ ਕਹਿਣਾ ਸੀ ਕਿ ਉਹ ਨਾਜਾਇਜ਼ ਮਾਈਨਿੰਗ ਨਹੀਂ ਕਰ ਰਹੇ ਅਤੇ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਵੀ ਮੌਜੂਦ ਹਨ।
ਡਾ. ਵੇਰਕਾ ਨੇ ਕਿਹਾ ਕਿ ਸਰਕਾਰ ਫਿਰ ਵੀ ਮਾਮਲੇ ਦੀ ਪੂਰੀ ਜਾਂਚ ਕਰੇਗੀ ਅਤੇ ਜੇ ਕੋਈ ਗ਼ਲਤ ਕੰਮ ਸਾਹਮਣੇ ਆਉਂਦਾ ਹੈ ਤਾਂ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਮਾਈਨਿੰਗ ਤੋਂ 40 ਕਰੋੜ ਆਮਦਨ ਸੀ, ਜੋ ਮੌਜੂਦਾ ਸਰਕਾਰ ਨੇ ਵਧਾ ਕੇ 400 ਕਰੋੜ ਤੇ ਲਿਆਂਦੀ ਹੈ। ਇਹ ਨਾਜਾਇਜ਼ ਮਾਈਨਿੰਗ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਨਾਲ ਹੀ ਸੰਭਵ ਹੋਇਆ ਹੈ, ਜਿਸ ਕਰ ਕੇ ਸਿਆਸੀ ਰੋਟੀਆਂ ਸੇਕਣ ਲਈ ਹਰ ਜਗ੍ਹਾਂ ਹੋ ਰਹੀ ਮਾਈਨਿੰਗ ਨੂੰ ਨਾਜਾਇਜ਼ ਨਹੀਂ ਕਹਿਣਾ ਚਾਹੀਦਾ। ਜੇ ਕਿਤੇ ਗ਼ਲਤ ਹੋ ਰਿਹਾ ਹੈ ਤਾਂ ਸਰਕਾਰ ਦੇ ਨੋਟਿਸ ਤੁਰਤ ਲਿਆਂਦਾ ਜਾਵੇ।