
ਇਹ ਘਟਨਾ ਉਦੋਂ ਵਾਪਰੀ ਜਦੋਂ ਸੁਖਦੇਵ ਸਿੰਘ ਪਾਕਿਸਤਾਨ ਤੋਂ ਅਟਾਰੀ ਸਰਹੱਦ ਵਿੱਚ ਦਾਖਲ ਹੋਇਆ
Ferozepur News : ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਝੋਕ ਟਹਿਲ ਸਿੰਘ ਦੇ ਰਹਿਣ ਵਾਲੇ ਸੁਖਦੇਵ ਸਿੰਘ ਦੀ ਪਾਕਿਸਤਾਨ ਤੋਂ ਪਰਤਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸੁਖਦੇਵ ਸਿੰਘ ਪਾਕਿਸਤਾਨ ਤੋਂ ਅਟਾਰੀ ਸਰਹੱਦ ਵਿੱਚ ਦਾਖਲ ਹੋਇਆ ਸੀ।
ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਜਥੇ ਨਾਲ ਪਾਕਿਸਤਾਨ ਗਏ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਵਾਪਸ ਪਰਤਦੇ ਸਮੇਂ ਜਿਵੇਂ ਹੀ ਉਹ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਤਾਂ ਉਸ ਨੂੰ ਦਿਲ ਦਾ ਦੌਰਾ ਪਿਆ। ਇਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਝੋਕ ਟਹਿਲ ਸਿੰਘ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਲਿਆਂਦੀ ਗਈ, ਜਿੱਥੇ ਪਿੰਡ ਦੇ ਸ਼ਮਸਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ। ਧਾਰਮਿਕ ਬਿਰਤੀ ਵਾਲੇ ਸੁਖਦੇਵ ਸਿੰਘ ਦੇ ਬੇਵਕਤੀ ਅਕਾਲ ਚਲਾਣੇ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ।
ਦੱਸ ਦਈਏ ਕਿ ਇਹ ਜਥਾ 21 ਜੂਨ ਨੂੰ ਭਾਰਤ ਤੋਂ ਪਾਕਿਸਤਾਨ ਯਾਤਰਾ 'ਤੇ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਗੁਰਧਾਮਾਂ ਦੀ ਯਾਤਰਾ ਦੌਰਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਪੈਰ 'ਤੇ ਸੱਟ ਲੱਗਣ ਕਰਕੇ ਸੁਖਦੇਵ ਸਿੰਘ ਜ਼ਖ਼ਮੀ ਹੋ ਗਏ ਸਨ I
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਪ੍ਰਤਾਪ ਸਿੰਘ ਨੇ ਸਿੱਖ ਸ਼ਰਧਾਲੂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਭੇਜਣ ਲਈ ਪ੍ਰਬੰਧ ਕਰਦਿਆਂ ਅਟਾਰੀ ਸਰਹੱਦ ਤੋਂ ਰਵਾਨਾ ਕੀਤੀI