ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ...............
ਬਟਾਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਪ੍ਰੈਟੋਲੀਅਮ ਪਦਾਰਥਾਂ ਦੀਆਂ ਕੀਮਤਾਂ ਤੇ ਨਿਯੰਤਰਨ ਕਰਨ ਵਿਚ ਪੂਰੀ ਤਰਾਂ ਨਾਲ ਅਸਫ਼ਲ ਸਿੱਧ ਹੋਈ ਹੈ। ਅੱਜ ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੈਟਰੋਲੀਅਮ ਪਦਾਰਥਾਂ ਬਾਰੇ ਇਕ ਸਵਾਲ 'ਤੇ ਬਹਿਸ ਦੌਰਾਨ ਸ੍ਰੀ ਜਾਖੜ ਨੇ ਕੇਂਦਰੀ ਪਟਰੌਲੀਅਮ ਮੰਤਰੀ ਤੋਂ ਪੁਛਿਆ ਸੀ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਡਿਗਦੀ ਕੀਮਤ ਦੇ ਤੇਲ ਕੀਮਤਾਂ 'ਤੇ ਅਸਰ ਅਤੇ ਇਸ ਦੇ ਭਾਰਤੀ ਅਰਥਵਿਵਸਥਾ 'ਤੇ ਪੈ ਰਹੇ ਨਾਕਾਰਾਤਮਕ ਪ੍ਰਭਾਵਾਂ ਨੂੰ ਰੋਕਣ ਲਈ ਸਰਕਾਰ ਕੀ ਕਰ ਰਹੀ ਹੈ।
ਪਰ ਇਸ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਕੋਈ ਸਤੁੰਸ਼ਟੀਜਨਕ ਜਵਾਬ ਨਹੀਂ ਦੇ ਸਕੇ। ਬਾਅਦ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇਲ ਕੀਮਤਾਂ ਨੂੰ ਕੰਟਰੋਲ ਕਰਨ ਤੋਂ ਭੱਜ ਗਈ ਹੈ ਬਲਕਿ ਇਸ ਸਮੇਂ ਕੌਮਾਂਤਰੀ ਬਾਜ਼ਾਰ ਵਿਚ ਤੇਲ ਕੀਮਤਾਂ ਦੇ ਮੁਕਾਬਲਤਨ ਘੱਟ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਮਹਿੰਗੇ ਮੁੱਲ 'ਤੇ ਡੀਜ਼ਲ ਮੁਹਈਆ ਕਰਵਾ ਕੇ ਕਿਸਾਨਾਂ, ਟਰਾਂਸਪੋਟਰਾਂ ਅਤੇ ਹੋਰ ਵਰਗਾਂ 'ਤੇ ਵਾਧੂ ਦਾ ਬੋਝ ਪਾਇਆ ਜਾ ਰਿਹਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਮੋਟੇ ਟੈਕਸਾਂ ਸਹਾਰੇ ਡੀਜ਼ਲ ਤੋਂ ਕੇਂਦਰ ਸਰਕਾਰ ਵੱਡਾ ਮੁਨਾਫ਼ਾ ਕਮਾ ਰਹੀ ਹੈ ਪਰ ਇਸ ਮੁਨਾਫ਼ੇ ਨੂੰ ਕਿਸਾਨਾਂ, ਗ਼ਰੀਬਾਂ ਦੀ ਭਲਾਈ ਲਈ ਖਰਚ ਕਰਨ ਦੀ ਬਜਾਏ ਦੇਸ਼ ਦਾ ਖ਼ਜ਼ਾਨਾ ਉਦਯੋਗਪਤੀਆਂ ਨੂੰ ਲੁਟਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਸਰਕਾਰ ਦਾ ਧੋਖਾ ਸਮਝ ਚੁੱਕਿਆ ਹੈ ਅਤੇ ਉਸ ਨੇ 2019 ਦੀਆਂ ਚੋਣਾਂ ਵਿਚ ਇਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਲਿਆ ਹੈ।
                    
                