
ਵਿਦਿਆਰਥੀਆਂ ਨਾਲ ਆਏ ਮਾਪਿਆਂ ਨੇ ਵੀ ਇਮਤਿਹਾਨ ਨੂੰ ਲੈ ਕੇ ਜਾਹਰ ਕੀਤੀ ਨਰਾਜਗੀ
ਚੰਡੀਗੜ੍ਹ : ਕਰੋਨਾ ਮਹਾਮਾਰੀ ਦਰਮਿਆਨ ਭਾਰੀ ਵਿਰੋਧ ਦੇ ਬਾਵਜੂਦ ਅੱਜ ਦੇਸ਼ ਭਰ ਅੰਦਰ ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਚੰਡੀਗੜ੍ਹ ਅੰਦਰ ਇਨ੍ਹਾਂ ਪ੍ਰੀਖਿਆਵਾਂ ਲਈ ਦੋ ਸੈਂਟਰ ਬਣਾਏ ਗਏ ਸਨ, ਜੋ ਸਨਅਤੀ ਖੇਤਰ ਫੇਜ਼-1 ਅਤੇ 2 ਵਿਖੇ ਸਥਿਤ ਹਨ। 150-150 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਇਨ੍ਹਾਂ ਦੋਵੇਂ ਸੈਂਟਰਾਂ 'ਚ ਪੇਪਰ ਦੇਣ ਆਏ ਵਿਦਿਆਰਥੀ ਦੀ ਗਿਣਤੀ 40 ਫ਼ੀ ਸਦੀ ਘੱਟ ਸੀ। ਕਈ ਵਿਦਿਆਰਥੀ ਕਰੋਨਾ ਵਾਇਰਸ ਦੇ ਖੋਫ਼ ਕਾਰਨ ਪੇਪਰ ਦੇਣ ਨਹੀਂ ਪਹੁੰਚੇ।
jee mains exams
ਕਾਬਲੇਗੌਰ ਹੈ ਕਿ ਕਰੋਨਾ ਕਾਲ ਦੌਰਾਨ ਜਦੋਂ ਦੇਸ਼ ਅੰਦਰ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਦੇਸ਼ ਭਰ ਅੰਦਰ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਹਨ, ਅਜਿਹੇ 'ਚ ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਕਰਵਾਉਣ ਜਾਂ ਨਾ ਕਰਵਾਉਣ ਨੂੰ ਲੈ ਕੇ ਵੱਡੀ ਬਹਿਸ਼ ਛਿੜੀ ਹੋਈ ਸੀ। ਮਾਮਲਾ ਅਦਾਲਤ ਵਿਚ ਵੀ ਪਹੁੰਚਿਆ ਅਤੇ ਗ਼ੈਰ ਭਾਜਪਾ ਰਾਜ ਵਾਲੇ ਸੂਬਿਆਂ ਵਲੋਂ ਇਸ ਦਾ ਸਖ਼ਤ ਵਿਰੋਧ ਵੀ ਕੀਤਾ ਗਿਆ, ਪਰ ਕੇਂਦਰ ਸਰਕਾਰ ਵਿਦਿਆਰਥੀਆਂ ਦਾ ਸਾਲ ਮਰਨ ਦਾ ਹਵਾਲਾ ਦਿੰਦਿਆਂ ਇਮਤਿਹਾਨ ਤੈਅ ਸਮਾਂ, ਸੀਮਾਂ ਤਹਿਤ ਕਰਵਾਉਣ ਲਈ ਬਜਿੱਦ ਰਹੀ। ਇਸੇ ਤਹਿਤ ਅੱਜ ਵੱਡੇ ਵਿਰੋਧ ਦੇ ਬਾਵਜੂਦ ਇਮਤਿਹਾਨ ਸ਼ੁਰੂ ਹੋਏ ਜਿਨ੍ਹਾਂ 'ਚ ਸ਼ੁਰੂਆਤੀ ਰੁਝਾਨਾਂ ਮੁਤਾਬਕ 40 ਫ਼ੀ ਸਦੀ ਘੱਟ ਬੱਚੇ ਪੇਪਰ ਦੇਣ ਪਹੁੰਚੇ ਹਨ।
jee mains exams
ਦੋ ਸਿਫ਼ਟਾਂ 'ਚ ਹੋਣ ਵਾਲੇ ਇਨ੍ਹਾਂ ਇਮਤਿਹਾਨਾਂ ਦੀ ਪਹਿਲੀ ਸ਼ਿਫਟ ਸਵੇਰ ਵੇਲੇ ਹੋਈ ਜਦਕਿ ਦੂਜੀ ਸ਼ਿਫਟ 'ਚ ਵਿਦਿਆਰਥੀ ਸ਼ਾਮ ਇਮਤਿਹਾਨ 'ਚ ਬੈਠਣਗੇ। ਪਹਿਲੀ ਸ਼ਿਫਟ ਦੌਰਾਨ ਇਮਤਿਹਾਨ ਦੇਣ ਆਏ ਵਿਦਿਆਰਥੀਆਂ ਅਤੇ ਮਾਪਿਆਂ ਅੰਦਰ ਕਰੋਨਾ ਵਾਇਰਸ ਦਾ ਖੌਫ਼ ਆਮ ਵੇਖਣ ਨੂੰ ਮਿਲ ਰਿਹਾ ਸੀ। ਜ਼ਿਆਦਾਤਰ ਮਾਪਿਆਂ ਨੇ ਇਨ੍ਹਾਂ ਇਮਤਿਹਾਨਾਂ ਬਾਰੇ ਨਰਾਜ਼ਗੀ ਜਾਹਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਭਿਆਨਕ ਬਿਮਾਰੀ ਦਰਮਿਆਨ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਸੀ। ਮਾਪਿਆਂ ਮੁਤਾਬਕ ਇਮਤਿਹਾਨਾਂ ਨੂੰ ਕੋਰੋਨਾ ਦਾ ਜ਼ੋਰ ਘਟਣ ਤਕ ਮੁਲਤਵੀ ਕਰ ਦੇਣਾ ਚਾਹੀਦਾ ਸੀ।
jee mains exams
ਵਿਦਿਆਰਥੀਆਂ ਨਾਲ ਆਏ ਮਾਪਿਆਂ ਵਿਚੋਂ ਕਈਆਂ ਦਾ ਕਹਿਣਾ ਸੀ ਕਿ ਕਰੋਨਾਵਾਇਰਸ ਕਾਰਨ ਬੱਚਿਆਂ ਦਾ ਮਨੋਬਲ ਪਹਿਲਾਂ ਹੀ ਕਮਜ਼ੋਰ ਹੋਇਆ ਪਿਆ ਹੈ। ਵਿਦਿਆਰਥੀਆਂ 'ਤੇ ਕਰੋਨਾ ਦੀ ਲਾਗ ਤੋਂ ਬਚਣ ਦੇ ਨਾਲ-ਨਾਲ ਇਮਤਿਹਾਨ ਦਾ ਵੀ ਪ੍ਰੈਸ਼ਰ ਸੀ। ਇਸ ਦਾ ਅਸਰ ਬੱਚਿਆਂ ਦੀ ਕਾਰਗੁਜ਼ਾਰੀ 'ਤੇ ਵੀ ਪਵੇਗਾ। ਸੋ ਹੁਣ ਜਿਹੜੇ ਵਿਦਿਆਰਥੀ ਇਮਤਿਹਾਨ ਦੇਣ ਆਏ ਵੀ ਹਨ, ਉਨ੍ਹਾਂ ਅੰਦਰ ਉਤਸ਼ਾਹ ਦੀ ਵੱਡੀ ਕਮੀ ਵੇਖਣ ਨੂੰ ਮਿਲੀ ਜੋ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕਰਨ 'ਤੇ ਸਾਫ਼ ਜ਼ਾਹਰ ਹੋ ਰਹੀ ਸੀ।
jee mains exams
ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਵਿਦਿਆਰਥੀ ਸੰਗਠਨ ਵੀ ਜੇਈਈ ਅਤੇ ਨੀਟ ਦੀਆਂ ਪ੍ਰੀਖਿਆਵਾਂ ਨਾ ਕਰਵਾਉਣ ਦੇ ਹੱਕ ਵਿਚ ਸਨ। ਵਿਦਿਆਰਥੀ ਸੰਗਠਨ ਐਨਐਸਯੂਆਈ ਨੇ ਤਾਂ ਪੇਪਰ ਮੁਲਤਵੀ ਕਰਵਾਉਣ ਖ਼ਾਤਰ ਭੁੱਖ ਹੜਤਾਲ ਵੀ ਕੀਤੀ ਸੀ। ਪੇਪਰਾਂ ਦਾ ਵਿਰੋਧ ਕਰਨ ਵਾਲਿਆਂ ਮੁਤਾਬਕ ਸਰਕਾਰ ਕਰੋਨਾ ਵਾਇਰਸ ਦਾ ਪ੍ਰਕੋਪ ਘਟਣ ਤਕ ਇਮਤਿਹਾਨ ਮੁਲਤਵੀ ਕਰ ਦੇਣਾ ਚਾਹੀਦਾ ਸੀ, ਤਾਂ ਜੋ ਵਿਦਿਆਰਥੀ ਇਕਾਗਰ ਚਿੱਤ ਹੋ ਕੇ ਇਮਤਿਹਾਨ ਦੇ ਸਕਦੇ।