
ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਨੂੰ ਲੈ ਕੇ ਸੁਖਬੀਰ ਦਾ ਸਰਕਾਰ 'ਤੇ ਨਿਸ਼ਾਨਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਕੋਰੋਨਾ ਮਹਾਮਾਰੀ ਦੌਰਾਨ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਪਾਸੋਂ ਪੰਜਾਬ ਦੀ ਜ਼ਿੰਮੇਵਾਰੀ ਸੰਭਾਲੀ ਨਹੀਂ ਜਾਂਦੀ ਤਾਂ ਉਹ ਛੱਡ ਕੇ ਲਾਂਭੇ ਹੋ ਜਾਣ।
Sukhbir Badal
ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਲੋਕ ਹਸਪਤਾਲਾਂ ਵਿਚ ਜਾਣ ਤੋਂ ਡਰ ਰਹੇ ਹਨ। ਉਹਨਾਂ ਆਖਿਆ ਕਿ ਇਸ ਤੋਂ ਮਾੜੀ ਹਾਲਤ ਸਰਕਾਰ ਦੀ ਹੋਰ ਕੀ ਹੋ ਸਕਦੀ ਹੈ ਕਿ ਪੰਚਾਇਤਾਂ ਮਤੇ ਪਾਸ ਕਰਕੇ ਪਿੰਡ ਵਿਚ ਹੀ ਮਰੀਜ਼ਾਂ ਨੂੰ ਰੱਖਣ ਦੇ ਫ਼ੈਸਲੇ ਲੈ ਰਹੀਆਂ ਹਨ। ਉਹਨਾਂ ਕਿਹਾ ਕਿ ਜਰਨੈਲ ਬਿਨ੍ਹਾਂ ਫੌਜ ਕੋਈ ਵੀ ਲੜਾਈ ਨਹੀਂ ਲੜ ਸਕਦੀ ਪਰ ਕੋਵਿਡ ਦੇ ਇਸ ਦੌਰ ਵਿਚ ਕੈਪਟਨ ਅਮਰਿੰਦਰ ਸਿੰਘ ਘਰ ਤੋਂ ਬਾਹਰ ਹੀ ਨਹੀਂ ਨਿਕਲੇ।
Captain Amarinder Singh
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਘਰ ਤੋਂ ਬਾਹਰ ਨਿਕਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਾਲਾਤ ਵੇਖਣ। ਸੁਖਬੀਰ ਬਾਦਲ ਨੇ ਕਿਹਾ ਕਿ, ‘ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਹਾਂ ਕਿ ਮੀਡੀਆ 'ਚ ਝੂਠ ਬੋਲ-ਬੋਲ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨਾ ਬੰਦ ਕਰਨ ਅਤੇ ਬਿਨਾਂ ਹੋਰ ਸਮਾਂ ਗੁਆਏ ਸੂਬੇ ਦੇ ਸਿਹਤ ਪ੍ਰਬੰਧਾਂ 'ਚ ਅਤਿ ਲੋੜੀਂਦੇ ਸੁਧਾਰ ਕਰਨ। ਜੇਕਰ ਉਹ ਕਰਨ ਤੋਂ ਅਸਮਰੱਥ ਹਨ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ’।
ਦੱਸ ਦਈਏ ਕਿ ਸਰਕਾਰੀ ਹਸਪਤਾਲਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਅਪਣੇ ਪਿੰਡ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿਚ ਨਾ ਭੇਜਣ ਦਾ ਫ਼ੈਸਲਾ ਕੀਤਾ ਗਿਆ।