
ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ : ਕੈਪਟਨ
ਕਿਹਾ, ਜੇ ਸਾਰੇ 122 ਸਮਝੌਤੇ ਰੱਦ ਕਰ ਦਿਤੇ ਤਾਂ ਪੰਜਾਬ 'ਚ ਵੱਡਾ ਬਿਜਲੀ ਸੰਕਟ ਪੈਦਾ ਹੋ ਜਾਵੇਗਾ, ਇੰਨੀ ਬਿਜਲੀ ਦਾ ਪ੍ਰਬੰਧ ਕਿਥੋਂ ਕਰਾਂਗੇ?
ਚੰਡੀਗੜ੍ਹ, 31 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪਸ਼ਟ ਕਰ ਦਿਤਾ ਹੈ ਕਿ ਸਾਰੇ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ |
ਅੱਜ ਇਥੇ ਪੰਜਾਬ ਭਵਨ ਵਿਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ 14000 ਮੈਗਾਵਾਟ ਬਿਜਲੀ ਦੀ ਮੰਗ ਹੈ ਤੇ 7000 ਮੈਗਾਵਾਟ ਅਸੀਂ ਨੈਸ਼ਨਲ ਗਰਿੱਡ ਤੋਂ ਖਰੀਦ ਰਹੇ ਹਾਂ | ਕੁਲ 122 ਬਿਜਲੀ ਸਮਝੌਤੇ ਹੋਏ ਹਨ ਅਤੇ ਇਹ ਸਾਰੇ ਰੱਦ ਹੋਣ ਨਾਲ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਜਾਵੇਗਾ | ਇੰਨੀ ਬਿਜਲੀ ਅਸੀਂ ਕਿਥੋਂ ਲਿਆਵਾਂਗੇ?
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਿਰਫ਼ ਇਕ ਦਿਨ ਦਾ ਹੋਣ ਕਾਰਨ ਇਸ ਨੂੰ ਵਿਰੋਧੀ ਪਾਰਟੀਆਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਵਧਾਏ ਜਾਣ ਦੀ ਮੰਗ ਸਬੰਧੀ ਪੁਛੇ ਜਾਣ 'ਤੇ ਕੈਪਟਨ ਨੇ ਕਿਹਾ ਕਿ ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਮਨਾਉਣ ਲਈ ਸੱਦਿਆ ਗਿਆ ਹੈ ਪਰ ਇਸ ਨੂੰ ਉਠਾਇਆ ਨਹੀਂ ਜਾਵੇਗਾ ਅਤੇ ਇਸ ਸੈਸ਼ਨ ਦਾ ਸਮਾਂ ਵਧਾ ਕੇ ਕੀਤਾ ਜਾਵੇਗਾ | ਪਰਗਟ ਸਿੰਘ ਵਲੋਂ ਪਾਰਟੀ ਇੰਚਾਰਜ ਹਰੀਸ਼ ਰਾਵਤ ਦੇ ਮੁੱਖ ਮੰਤਰੀ ਚਿਹਰੇ ਬਾਰੇ ਬਿਆਨ 'ਤੇ ਉਠਾਏ ਸਵਾਲ 'ਤੇ ਦਿਤੇ ਜਾ ਰਹੇ ਹੋਰ ਬਿਆਨਾਂ ਬਾਰੇ ਕਿਹਾ ਕਿ ਇਹ ਪਾਰਟੀ ਹਾਈ ਕਮਾਨ ਨੇ ਵੇਖਣਾ ਹੈ ਕਿ
ਅਜਿਹੇ ਬਿਆਨ ਕਿਵੇਂ ਰੋਕਣੇ ਹਨ ਅਤੇ ਹਾਈ ਕਮਾਨ ਨੇ ਹੀ ਚਿਹਰੇ ਦਾ ਫ਼ੈਸਲਾ ਕਰਨਾ ਹੈ |
ਨਸ਼ਿਆਂ ਦੇ ਮੁੱਦੇ 'ਤੇ ਨਵਜੋਤ ਸਿੱਧੂ ਵਲੋਂ ਚੁੱਕੇ ਜਾ ਰਹੇ ਸਵਾਲਾਂ ਬਾਰੇ ਕੈਪਟਨ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਲਗਾਤਾਰ ਕਾਰਵਾਈ ਹੋ ਰਹੀ ਹੈ ਅਤੇ ਅੱਜ ਵੀ 70 ਕਿਲੋ ਹੈਰੋਇਨ ਫੜੀ ਹੈ | ਵੱਡੀ ਪੱਧਰ 'ਤੇ ਰਿਕਵਰੀ ਤੇ ਗਿ੍ਫ਼ਤਾਰੀਆਂ ਹੋਈਆਂ ਹਨ | ਉਨ੍ਹਾਂ ਸਰਹੱਦੀ ਖੇਤਰਾਂ 'ਚ ਬਰਾਮਦ ਹੋ ਰਹੇ ਵਿਸਫ਼ੋਟਕ ਤੇ ਗਰਨੇਡ ਆਦਿ ਬਾਰੇ ਕਿਹਾ ਕਿ ਇਸ ਪਿਛੇ ਕੋਈ ਵੱਡੀ ਸਾਜਿਸ਼ ਹੈ ਪਰ ਇਸ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ | ਅਸੀਂ ਸਾਜਿਸ਼ ਦਾ ਸੁਰਾਗ਼ ਕੱਢਣ ਲਈ ਪੂਰੀ ਜਾਂਚ ਕਰ ਰਹੇ ਹਾਂ |
ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰੇ ਜਾਣ ਬਾਰੇ ਪੁੱਛੇ ਸਵਾਲ ਦਾ ਮੁੱਖ ਮੰਤਰੀ ਨਾਲ ਬੈਠੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਮੰਤਰੀਆਂ ਬਾਰੇ ਫ਼ੈਸਲਾ ਕਰਨਾ ਹੁੰਦਾ ਹੈ ਪਰ ਵਿਧਾਇਕਾਂ ਦੇ ਇਨਕਮ ਟੈਕਸ ਤੇ ਤਨਖ਼ਾਹਾਂ ਦਾ ਫ਼ੈਸਲਾ ਵਿਧਾਨ ਸਭਾ ਦੀ ਸਪੀਕਰ ਵਲੋਂ ਕਮੇਟੀ ਕਰਦੀ ਹੈ |
ਕੈਪਟਨ ਨੇ ਐਸ.ਟੀ.ਐਫ਼. ਦੇ ਗੁਰਪਤਵੰਤ ਸਿੰਘ ਪਨੂੰ ਦੀਆਂ ਧਮਕੀਆਂ ਬਾਰੇ ਕਿਹਾ ਕਿ ਹਿੰਮਤ ਹੈ ਤਾਂ ਪੰਜਾਬ 'ਚ ਵੜ ਕੇ ਤਾਂ ਵੇਖੇ, ਸਿੱਧਾ ਕਰ ਦਿਆਂਗੇ |