
ਆਵਾਜਾਈ ਦੌਰਾਨ ਜੇਕਰ ਮਹਿਲਾ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਇਕ ਬਟਨ ਦਬਾ ਕੇ ਸੁਰੱਖਿਆ ਲੈ ਸਕਦੀ ਹੈ।
ਚੰਡੀਗੜ੍ਹ: ਪੰਜਾਬ ਵਿੱਚ ਆਵਾਜਾਈ ਦੌਰਾਨ ਮਹਿਲਾਵਾਂ ਨੂੰ ਸੁਰੱਖਿਆ ਦੇਣ ਲਈ ਸਰਕਾਰ ਵੱਲੋਂ ਇਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਸੈਂਟਰ ਫਾਰ ਡਿਵੈਲਪਮੈਂਟ ਐਡਵਾਂਸਡ ਕੰਪਿਊਟਿੰਗ (ਸੀ-ਡੈਕ) ਆਮ ਲੋਕਾਂ, ਔਰਤਾਂ ਅਤੇ ਬੱਚਿਆਂ ਲਈ ਜਨਤਕ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਸਾਫਟਵੇਅਰ ਤਿਆਰ ਕਰਨ ਜਾ ਰਿਹਾ ਹੈ। ਇਸ ਦੇ ਲਈ ਮੁਹਾਲੀ ਵਿੱਚ ਕਮਾਂਡ ਕੰਟਰੋਲ ਸੈਂਟਰ ਬਣਾਇਆ ਜਾਵੇਗਾ। ਜਿਸ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੱਲਣ ਵਾਲੀ ਪਬਲਿਕ ਟਰਾਂਸਪੋਰਟ ਨੂੰ ਜੋੜਿਆ ਜਾਵੇਗਾ।
ਪੈਨਿਕ ਬਟਨ ਦਬਾਉਣ ਉੱਤੇ ਮਿਲੇਗੀ ਸੁਰੱਖਿਆ
ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ। ਸਾਰੇ ਵਾਹਨਾਂ ਵਿੱਚ ਗਲੋਬਲ ਪੋਜ਼ੀਸ਼ਨਿੰਗ ਸਿਸਟਮ ਲਗਾਉਣਾ ਲਾਜ਼ਮੀ ਹੋਵੇਗਾ। ਜੇਕਰ ਬੱਸ ਜਾਂ ਟੈਕਸੀ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਬਟਨ ਦਬਾਏਗਾ, ਤਾਂ ਹੀ ਕਮਾਂਡ ਕੰਟਰੋਲ ਸੈਂਟਰ ਨੂੰ ਸੁਨੇਹਾ ਭੇਜਿਆ ਜਾਵੇਗਾ। ਇਹ ਸੂਚਨਾ ਸਬੰਧਤ ਥਾਣੇ ਅਤੇ ਪੀਸੀਆਰ ਨੂੰ ਭੇਜੀ ਜਾਵੇਗੀ। ਇਸ ਤਕਨੀਕ ਨਾਲ ਵਾਹਨ ਦੀ ਲੋਕੇਸ਼ਨ ਵੀ ਟਰੈਕ ਕੀਤੀ ਜਾਵੇਗੀ। ਸੀ-ਡੈਕ ਵੱਲੋਂ ਤਿਆਰ ਕੀਤੇ ਜਾ ਰਹੇ ਇਸ ਸਾਫਟਵੇਅਰ ਦਾ ਨਾਂ ਸੁਰੱਖਿਆ ਮਿੱਤਰ ਰੱਖਿਆ ਗਿਆ ਹੈ।
ਸੂਬਾ ਸਰਕਾਰ ਨੇ ਇਕ ਆਈਟੀ ਕੰਪਨੀ ਨਾਲ ਕੀਤਾ ਸਮਝੌਤਾ
ਪੰਜਾਬ ਸਰਕਾਰ ਨੇ ਆਈਟੀ ਕੰਪਨੀ ਸੀ-ਡੈਕ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਇਹ ਪ੍ਰਾਜੈਕਟ ਜਲਦੀ ਹੀ ਸ਼ੁਰੂ ਹੋ ਜਾਵੇਗਾ। ਪੰਜਾਬ ਸਰਕਾਰ ਜਨਤਕ ਟਰਾਂਸਪੋਰਟ 'ਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਪੰਜਾਬ ਦੇ ਟਰਾਂਸਪੋਰਟ ਸਕੱਤਰ ਦਿਲਰਾਜ ਸਿੰਘ ਨੇ ਦੱਸਿਆ ਕਿ ਇਹ ਕਮਾਂਡ ਸੈਂਟਰ ਲੋਕਾਂ ਨੂੰ ਸੁਰੱਖਿਅਤ ਅਤੇ ਵਧੇਰੇ ਕੁਸ਼ਲ ਜਨਤਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਬਣਾਇਆ ਜਾ ਰਿਹਾ ਹੈ। ਤਕਨੀਕ ਦੀ ਵਰਤੋਂ ਕਰਕੇ ਔਰਤਾਂ ਅਤੇ ਬੱਚਿਆਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਇਆ ਜਾਵੇਗਾ।