
ਇਕ ਪਾਸੇ ਜਿਥੇ ਕਿ ਸੂਬਾ ਸਰਕਾਰ ਅਪਣੇ ਕੀਤੇ ਵਾਅਦਿਆਂ 'ਤੇ ਪੂਰਾ ਨਹੀਂ ਉਤਰ ਰਹੀ, ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਪਹਿਲੋਂ ਦਿਹਾੜੀ ਦੱਪਾ ਕਰ ਕੇ ਘਰ ਚਲਾ ਕਰ ਰਹੇ......
ਫਿਰੋਜਪੁਰ : ਇਕ ਪਾਸੇ ਜਿਥੇ ਕਿ ਸੂਬਾ ਸਰਕਾਰ ਅਪਣੇ ਕੀਤੇ ਵਾਅਦਿਆਂ 'ਤੇ ਪੂਰਾ ਨਹੀਂ ਉਤਰ ਰਹੀ, ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਪਹਿਲੋਂ ਦਿਹਾੜੀ ਦੱਪਾ ਕਰ ਕੇ ਘਰ ਚਲਾ ਕਰ ਰਹੇ ਭੱਠਾ ਮਜ਼ਦੂਰਾਂ ਦਾ ਰੁਜ਼ਗਾਰ ਹੁਣ ਸਰਕਾਰ ਬੰਦ ਕਰਨ ਦੀ ਤਿਆਰੀ ਵਿਚ ਹੈ ਕਿਉਂਕਿ ਪੰਜਾਬ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਪੰਜਾਬ ਭਰ ਦੇ ਭੱਠੇ 1 ਅਕਤੂਬਰ 2018 ਤੋਂ 31 ਜਨਵਰੀ 2019 ਤਕ ਬੰਦ ਰਹਿਣਗੇ। ਭੱਠੇ ਬੰਦ ਰਹਿਣ ਦੇ ਕਾਰਨ ਪਹਿਲੋਂ ਤੋਰੀ ਫੁਲਕਾ ਚਲਾ ਰਹੇ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰ ਬਿਲਕੁਲ ਵਿਹਲੇ ਹੋ ਜਾਣਗੇ ਤੇ ਉਹ ਦੋ ਵੇਲੇ ਦੀ ਰੋਟੀ ਕਿੱਥੋਂ ਖਾਣਗੇ?
ਇਸ ਬਾਰੇ ਸਰਕਾਰ ਨੇ ਹੁਣ ਤਕ ਸੋਚਿਆ ਨਹੀਂ। ਜ਼ਿਕਰਯੋਗ ਹੈ ਕਿ ਹਰ ਸਾਲ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਠੰਢ ਦੇ 4 ਮਹੀਨੇ ਅਕਤੂਬਰ, ਨਵੰਬਰ, ਦਸੰਬਰ ਤੇ ਜਨਵਰੀ ਵਿਚ ਭੱਠੇ ਬੰਦ ਕਰਨ ਦੇ ਫ਼ੁਰਮਾਨ ਜਾਰੀ ਕੀਤੇ ਜਾਂਦੇ ਹਨ, ਪਰ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰ ਇਨ੍ਹਾਂ ਚਾਰ ਮਹੀਨਿਆਂ ਵਿਚ ਅਪਣਾ ਗੁਜ਼ਾਰਾ ਕਿਵੇਂ ਕਰਦੇ ਹਨ, ਇਸ ਬਾਰੇ ਕਦੇ ਵੀ ਸਰਕਾਰ ਵਿਚਾਰ ਨਹੀਂ ਕਰਦੀ। ਭੱਠੇ ਬੰਦ ਕਰਨ ਦੇ ਫ਼ੁਰਮਾਨ ਨੂੰ ਪੰਜਾਬ ਭੱਠਾ ਵਰਕਰ ਯੂਨੀਅਨ ਦੇ ਆਗੂ ਕਿਹੜੀ ਨਜ਼ਰ ਤੋਂ ਵੇਖ ਰਹੇ ਹਨ, ਇਸ ਸਬੰਧ ਵਿਚ 'ਸਪੋਕਸਮੈਨ' ਵਲੋਂ ਕੁਝ ਭੱਠਾ ਮਜ਼ਦੂਰਾਂ ਤੇ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ।
ਗੱਲਬਾਤ ਕਰਦਿਆਂ ਪੰਜਾਬ ਭੱਠਾ ਵਰਕਰ ਯੂਨੀਅਨ ਦੇ ਆਗੂ ਗੁਰਮੀਤ ਸਿੰਘ, ਬਲਟੇਕ ਸਿੰਘ ਮੱਲੀ ਨੇ ਸਰਕਾਰ ਵਿਰੁਧ ਰੋਸ ਜ਼ਾਹਿਰ ਕਰਦਿਆਂ ਆਖਿਆ ਕਿ ਭੱਠਾ ਮਜ਼ਦੂਰ ਤਾਂ ਪਹਿਲੋਂ ਹੀ ਬਹੁਤ ਹੀ ਘੱਟ ਕਮਾਈ ਕਰ ਕੇ ਅਪਣੇ ਘਰਾਂ ਦਾ ਗੁਜ਼ਾਰਾ ਕਰ ਰਹੇ ਹਨ। ਸਰਕਾਰ ਦੇ ਫ਼ੁਰਮਾਨ ਮੁਤਾਬਕ ਕਰੀਬ 4 ਮਹੀਨੇ ਭੱਠੇ ਬੰਦ ਰਹਿਣੇ, ਇਨ੍ਹਾਂ ਚਾਰ ਮਹੀਨਿਆਂ ਵਿਚ ਭੱਠਾ ਮਜ਼ਦੂਰ ਤੇ ਉਨ੍ਹਾਂ ਦੇ ਬੱਚੇ ਕਿਥੇ ਜਾਣਗੇ, ਇਸ ਬਾਰੇ ਸਰਕਾਰ ਨੇ ਕੋਈ ਵੀ ਫ਼ੈਸਲਾ ਨਹੀਂ ਲਿਆ।
ਭੱਠਾ ਮਜ਼ਦੂਰਾਂ ਨੇ ਦਾਅਵਾ ਕਰਦਿਆਂ ਦਸਿਆ ਕਿ ਚਾਰ ਮਹੀਨੇ ਭੱਠੇ ਬੰਦ ਰਹਿਣ ਕਾਰਨ ਇੱਟ ਮਹਿੰਗੀ ਹੋ ਜਾਵੇਗੀ। ਪੰਜਾਬ ਭੱਠਾ ਵਰਕਰ ਯੂਨੀਅਨ ਦੇ ਆਗੂ ਬਲਟੇਕ ਸਿੰਘ ਮੱਲੀ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਸਰਕਾਰ ਅਪਣੇ ਫ਼ੈਸਲੇ ਨੂੰ ਵਾਪਸ ਲਵੇ ਨਹੀਂ ਤਾਂ ਭੱਠਾ ਮਜ਼ਦੂਰ ਸੰਘਰਸ਼ ਕਰਨ ਨੂੰ ਮਜਬੂਰ ਹੋ ਜਾਣਗੇ। ਦੇਖਣਾ ਹੁਣ ਇਹ ਵੀ ਹੋਵੇਗਾ ਕਿ ਜੇਕਰ ਇਹ ਫ਼ੈਸਲਾ ਸਰਕਾਰ ਨੇ ਵਾਪਸ ਨਾ ਲਿਆ ਤਾਂ ਭੱਠਾ ਮਜ਼ਦੂਰ ਕੀ ਕਰਨਗੇ? ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਕੀ ਬਣਦਾ ਹੈ?