
ਪੰਥ ਤੇ ਕਿਸਾਨੀ ਦੋਵਾਂ ਨਾਲ ਧਰੋਹ ਕਮਾਉਣ ਵਾਲੇ ਅਕਾਲੀ ਦਲ ਵੱਲੋਂ ਆਪਣੀ ਗੁਆਚੀ ਸਿਆਸੀ ਸ਼ਾਖ ਬਚਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਆਉਣਗੀਆਂ
ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਅਤੇ ਸੰਘੀ ਢਾਂਚੇ ਦੀ ਮਜ਼ਬੂਤੀ ਵਾਲੇ ਆਨੰਦਪੁਰ ਸਾਹਿਬ ਮਤੇ ਨੂੰ ਵਿਸਾਰਨ ਵਾਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵੱਲੋਂ ਅੱਜ ਤਿੰਨ ਤਖਤ ਸਾਹਿਬਾਨ ਤੋਂ ਮਾਰਚ ਕੱਢਣ ਲੱਗਿਆ ਸ਼ਰਮ ਕਿਉਂ ਨਾ ਆਈ।
Sukhjinder Singh Randhawa
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਅਕਾਲੀ ਲੀਡਰਸ਼ਿਪ ਨੇ ਸਭ ਤੋਂ ਪਹਿਲਾਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਤਿਲਾਂਜਲੀ ਦਿੱਤੀ। ਅਕਾਲੀ ਦਲ ਦੀ ਸ਼ਮੂਲੀਅਤ ਵਾਲੀ ਐਨ.ਡੀ.ਏ. ਸਰਕਾਰ ਵੱਲੋਂ ਸੀ.ਏ.ਏ. ਕਾਨੂੰਨ ਪਾਸ ਕਰਨ ਨਾਲ ਸੰਘੀ ਢਾਂਚੇ ਦਾ ਗਲਾ ਘੁੱਟਿਆ ਗਿਆ ਸੀ ਅਤੇ ਬਾਦਲ ਪਰਿਵਾਰ ਨੇ ਇਸ ਫੈਸਲੇ ਦੀ ਹਮਾਇਤ ਕੀਤੀ।
Sukhbir Singh Badal
ਹੁਣ ਫੇਰ ਸੰਘੀ ਢਾਂਚੇ ਨੂੰ ਤਬਾਹ ਕਰਦਿਆਂ ਜਦੋਂ ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਪਹਿਲਾਂ ਆਰਡੀਨੈਂਸ ਪਾਸ ਕੀਤੇ ਗਏ ਤਾਂ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਕੈਬਨਿਟ ਵਿੱਚ ਹਾਜ਼ਰ ਸੀ। ਅੱਜ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਬਾਦਲ ਦਲ ਕਿਸ ਮੂੰਹ ਨਾਲ ਮਾਰਚ ਕੱਢ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਅਸਤੀਫੇ ਅਤੇ ਭਾਈਵਾਲ ਛੱਡਣ ਦਾ ਫੈਸਲਾ ਕੋਈ ਨੈਤਿਕਤਾ ਜਾਂ ਵਿਰੋਧ ਵਜੋਂ ਨਹੀਂ ਬਲਿਕ ਸੂਬੇ ਵਿੱਚ ਕਿਸਾਨਾਂ 'ਚ ਫੈਲੇ ਵਿਆਪਕ ਰੋਹ ਦੇ ਅੱਗੇ ਝੁਕਦਿਆਂ ਮਜਬੂਰੀ ਵਿੱਚ ਲਿਆ ਫੈਸਲਾ ਹੈ ਅਤੇ ਹੁਣ ਅਕਾਲੀ ਦਲ ਚੀਚੀ ਨੂੰ ਖੂਨ ਲਗਾ ਕੇ ਸ਼ਹੀਦ ਬਣਨ ਦਾ ਡਰਾਮਾ ਕਰ ਰਿਹਾ ਹੈ।
Harsimrat Kaur Badal
ਕਾਂਗਰਸੀ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੂੰ ਅੱਜ ਕਿਹੜੇ ਮੂੰਹ ਨਾਲ ਤਖਤ ਸਾਹਿਬਾਨ ਤੋਂ ਮਾਰਚ ਕੱਢ ਕੇ ਕਿਸਾਨੀ ਦਾ ਮਸੀਹਾ ਹੋਣ ਦਾ ਡਰਾਮਾ ਕਰ ਰਿਹਾ। ਪੰਥ ਤੇ ਕਿਸਾਨੀ ਨਾਲ ਧ੍ਰੋਹ ਕਮਾਉਣ ਵਾਲੇ ਅਕਾਲੀ ਦਲ ਵੱਲੋਂ ਇਹ ਕਾਰਵਾਈ ਮਹਿਜ਼ ਆਪਣੀ ਸਿਆਸੀ ਸਾਖ ਬਚਾਉਣ ਦੀ ਅਸਫਲ ਕੋਸ਼ਿਸ਼ ਹੈ ਕਿਉਂਕਿ ਨਾ ਸਿਰਫ ਪੰਜਾਬ ਬਲਕਿ ਪੂਰਾ ਜੱਗ ਅਕਾਲੀ ਦਲ ਦੀ ਅਸਲੀਅਤ ਜਾਣ ਚੁੱਕਾ ਹੈ।
Shiromani Akali Dal
ਅਕਾਲੀ ਸਰਕਾਰ ਸਮੇਂ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਹੋਈਆਂ ਬੇਅਦਬੀ ਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਤੋਂ ਬਾਅਦ ਸਿੱਖ ਪੰਥ ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕਾ ਹੈ ਅਤੇ ਹੁਣ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਤਿੰਨ ਮਹੀਨੇ ਰਾਗ ਅਲਾਪਣ ਵਾਲੇ ਬਾਦਲ ਦਲ ਦੀ ਅਸਲੀਅਤ ਕਿਸਾਨ ਜਾਣ ਚੁੱਕੇ ਹਨ। ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲਈ ਹੱਥ-ਪੈਰ ਮਾਰ ਰਹੇ ਅਕਾਲੀ ਦਲ ਦੀ ਇਹ ਕੋਸ਼ਿਸ਼ ਵੀ ਸਫਲ ਨਹੀਂ ਹੋਵੇਗੀ