
ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ ਵਿਚ 400 ਬੂਟੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ
ਐਸ.ਏ.ਐਸ.ਨਗਰ/ਮੁੱਲਾਂਪੁਰ ਗਰੀਬਦਾਸ, 30 ਸਤੰਬਰ (ਕੁਲਦੀਪ ਸਿੰਘ/ਰਵਿੰਦਰ ਸਿੰਘ ਸੈਣੀ): 71ਵਾਂ ਸੂਬਾ ਪਧਰੀ ਵਣਮਹਾਂਉਤਸਵ ਮਨਾਉਣ ਸਬੰਧੀ ਅੱਜ ਮੁੱਲਾਂਪੁਰ ਜੰਗਲ ਵਿਚ ਬੂਟੇ ਲਗਾਏ ਗਏ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਹਰੇਕ ਪਿੰਡ ਵਿੱਚ 400 ਬੂਟੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜੰਗਲਾਤ ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਹਰ ਪਿੰਡ ਵਿਚ 400 ਬੂਟੇ ਲਗਾਏ ਜਾਣਗੇ। ਗਰੀਨਿੰਗ ਪੰਜਾਬ ਮਿਸ਼ਨ ਤਹਿਤ ਇਹ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਪੰਜਾਬ ਰਾਜ ਦੇ ਕੁੱਲ 12986 ਪਿੰਡਾਂ ਵਿਚ ਲਗਭਗ 52 ਲੱਖ ਬੂਟੇ ਲਗਾਏ ਜਾ ਰਹੇ ਹਨ। ਮੁੱਲਾਂਪੁਰ ਜੰਗਲਾਤ ਖੇਤਰ ਵਿਚ 'ਨਗਰ ਵਣ' ਸਥਾਪਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਨੂੰ 37 ਏਕੜ ਰਕਬੇ ਵਿਚ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਨੂੰ ਗਮਾਡਾ ਨੇ ਮੁੱਲਾਂਪੁਰ-ਸਿਸਵਾਂ ਸੜਕ ਦੇ ਨਿਰਮਾਣ ਲਈ ਵਿਭਾਗ ਵਲੋਂ ਦਿਤੀ ਜ਼ਮੀਨ ਦੇ ਬਦਲੇ ਉਕਤ ਜ਼ਮੀਨ ਦਿਤੀ ਗਈ ਸੀ। ਇਸ ਜ਼ਮੀਨ ਦਾ ਜ਼ਿਆਦਾਤਰ ਹਿੱਸਾ ਬੰਜਰ ਸੀ ਪਰ ਵਿਭਾਗ ਦੇ ਅਣਥੱਕ ਯਤਨਾਂ ਸਦਕਾ ਕਈ ਕਿਸਮਾਂ ਦੇ ਪੌਦੇ ਲਗਾਉਣ ਦੀ ਕੋਸ਼ਿਸ਼ ਅਤੇ ਜਾਂਚ ਕੀਤੀ ਗਈ ਅਤੇ ਅੰਤ ਵਿਚ ਇਸ ਖੇਤਰ ਨੂੰ 'ਨਗਰ ਵਣ' ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਦੇ ਚਾਰ-ਚੁਫ਼ੇਰੇ ਕੰਡਿਆਲੀ ਤਾਰ ਲਗਾਈ ਜਾਵੇਗੀ ਅਤੇ ਜੰਗਲ ਵਿਚ ਲੰਘਣ ਲਈ ਰਸਤੇ ਬਣਾਏ ਜਾਣਗੇ ਤਾਂ ਜੋ ਲੋਕ ਇਸ ਖੇਤਰ ਦਾ ਦੌਰਾ ਕਰ ਸਕਣ ਅਤੇ ਜੰਗਲ ਦੀ ਸੁੰਦਰਤਾ ਦਾ ਅਨੰਦ ਮਾਣ ਸਕਣ। ਉਨ੍ਹਾਂ ਕਿਹਾ imageਕਿ ਇਹ ਖੇਤਰ ਲੋਕਾਂ ਨੂੰ ਤਾਜ਼ੀ ਅਤੇ ਸ਼ੁੱਧ ਹਵਾ ਮੁਹੱਈਆ ਕਰਵਾਉਣ ਵਿਚ ਸਹਾਈ ਸਿੱਧ ਹੋਵੇਗਾ। ਜੰਗਲਾਤ ਮੰਤਰੀ ਨੇ ਦਸਿਆ ਕਿ ਮੁੱਲਾਂਪੁਰ ਦੇ ਜੰਗਲਾਂ ਵਿਚ 2.5 ਏਕੜ ਰਕਬੇ ਵਿਚ ਇਕ ਚੰਦਨ ਦੀ ਲੱਕੜੀ ਦਾ ਕਲੱਸਟਰ ਵੀ ਸਥਾਪਤ ਕੀਤਾ ਗਿਆ ਹੈ।