
ਅਦਾਲਤ ਨੇ ਤਕਨੀਕੀ ਗਰੁੱਪ ਤੋਂ ਕਿਸੇ ਵੀ ਤਰੱਕੀ ਨੂੰ ਪ੍ਰਭਾਵ 'ਚ ਲਿਆਉਣ 'ਤੇ ਲਗਾਈ ਸੀ ਰੋਕ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੂੰ ਉਲੰਘਣਾ ਨੋਟਿਸ ਜਾਰੀ ਕੀਤਾ ਗਿਆ ਹੈ। ਜਸਟਿਸ ਬੀ.ਐਸ. ਵਾਲੀਆ ਨੇ ਅੱਜ ਕਰਮਜੀਤ ਸਿੰਘ ਅਤੇ ਯੂਨੀਵਰਸਿਟੀ ਦੇ 8 ਹੋਰ ਤਕਨੀਕੀ ਗਰੁੱਪ ਮੁਲਾਜ਼ਮਾਂ ਵਲੋਂ ਦਾਇਰ ਇਕ ਉਲੰਘਣਾ ਪਟੀਸ਼ਨ ਵਿਚ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੂੰ ਇਹ ਨੋਟਿਸ ਜਾਰੀ ਕੀਤਾ ਹੈ।
ਪਟੀਸ਼ਨਕਰਤਾ ਨੇ ਅਪਣੀ ਸੀਨੀਆਰਤਾ ਸੂਚੀ ਨੂੰ ਅੰਤਿਮ ਰੂਪ ਦੇਣ ਦੀ ਮੰਗ ਲਈ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਪਿਛਲੇ ਸਾਲ ਦੋ ਸਤੰਬਰ ਨੋਟਿਸ ਆਫ਼ ਮੋਸਨ ਜਾਰੀ ਕਰਦੇ ਹੋਏ, ਹਾਈ ਕੋਰਟ ਨੇ ਪੰਜਾਬੀ ਯੂਨੀਵਰਸਿਟੀ ਨੂੰ ਤਕਨੀਕੀ ਗਰੁੱਪ ਤੋਂ ਕਿਸੇ ਵੀ ਤਰੱਕੀ ਨੂੰ ਪ੍ਰਭਾਵ ਵਿਚ ਲਿਆਉਣ ਤੋਂ ਰੋਕ ਦਿਤਾ ਸੀ।
ਹੁਣ ਪਟੀਸ਼ਨਰਾਂ ਨੇ ਹਾਈ ਕੋਰਟ ਪਹੁੰਚ ਕਰ ਕੇ ਦੋਸ਼ ਲਗਾਇਆ ਹੈ ਕਿ ਸਟੇਅ ਆਰਡਰ ਦੀ ਜਾਣਬੁੱਝ ਕੇ ਉਲੰਘਣਾ ਕਰਦੇ ਹੋਏ, ਵਾਈਸ ਚਾਂਸਲਰ ਨੇ ਪਿਛਲੇ ਸਾਲ 12 ਨਵੰਬਰ ਨੂੰ ਜੂਨੀਅਰ ਟੈਕਨੀਕਲ ਅਸਿਸਟੈਂਟ ਦੇ ਅਹੁਦੇ ’ਤੇ ਦੋ ਗਰੁੱਪ ਦੇ ਕਰਮਚਾਰੀਆਂ ਨੂੰ ਤਰੱਕੀ ਦੇਣ ਦੀ ਮਨਜ਼ੂਰੀ ਦੇ ਦਿਤੀ। ਇਸ ਦੋਸ਼ ਉਪਰੰਤ ਜਸਟਿਸ ਬੀ.ਐਸ. ਵਾਲੀਆ ਦੀ ਬੈਂਚ ਨੇ ਵਾਈਸ ਚਾਂਸਲਰ ਡਾ: ਅਰਵਿੰਦ ਨੂੰ ਨੋਟਿਸ ਜਾਰੀ ਕਰ ਕੇ ਪੁਛਿਆ ਹੈ ਕਿ ਕਿਉਂ ਨਾ ਉਨ੍ਹਾਂ ਵਿਰੁਧ ਅਦਾਲਤ ਦੇ ਹੁਕਮ ਦੀ ਉਲੰਘਣਾ ਕਰਨ ਦੀ ਕਾਰਵਾਈ ਕੀਤੀ ਜਾਵੇ।