
Punjab News: ਇਸ ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ਦੇ ਜਵਾਨ ਪੁੱਤਰ ਸਦਾ ਲਈ ਪਰਿਵਾਰ ਕੋਲੋ ਖੋਹ ਲਏ।
Punjab News: ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਤੇ ਧਰਮਕੋਟ ਨਜ਼ਦੀਕ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਨੇ ਦੋ ਘਰਾਂ ਅੰਦਰ ਸੱਥਰ ਵਿਛਾ ਦਿੱਤੇ। ਦੋਵਾਂ ਪਰਿਵਾਰਾਂ ਦੀਆਂ ਦੀਵਾਲੀ ਦੀਆਂ ਖੁਸ਼ੀਆਂ ਗਮ ਵਿੱਚ ਬਦਲ ਗਈਆਂ। ਇਸ ਭਿਆਨਕ ਹਾਦਸੇ ਨੇ ਦੋ ਪਰਿਵਾਰਾਂ ਦੇ ਜਵਾਨ ਪੁੱਤਰ ਸਦਾ ਲਈ ਪਰਿਵਾਰ ਕੋਲੋ ਖੋਹ ਲਏ।
ਇਸ ਹਾਦਸੇ ਵਿੱਚ ਮੌਤ ਦੀ ਅਗੋਸ ਵਿੱਚ ਗਏ ਲਵਪ੍ਰੀਤ ਸਿੰਘ ਅਤੇ ਵਿਜੈ ਕੁਮਾਰ ਦੋਵੇਂ ਗੂੜੇ ਦੋਸਤ ਸਨ। ਮ੍ਰਿਤਕ ਵਿਜੈ ਕੁਮਾਰ ਉਮਰ 18 ਸਾਲ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਦੇਰ ਰਾਤ ਵਿਜੈ ਕੁਮਾਰ ਆਪਣੇ ਮੋਟਰਸਾਈਕਲ ’ਤੇ ਆਪਣੇ ਦੋਸਤ ਲਵਪ੍ਰੀਤ ਸਿੰਘ ਨੂੰ ਉਸ ਦੇ ਘਰ ਛੱਡਣ ਲਈ ਗਿਆ ਸੀ, ਕਿਉਂਕਿ ਲਵਪ੍ਰੀਤ ਸਿੰਘ ਦੀ ਗੱਡੀ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਜਿਸ ਵਿੱਚ ਲਵਪ੍ਰੀਤ ਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਪਰ ਉਸ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਸੀ।
ਇਸੇ ਲਈ ਵਿਜੈ ਕੁਮਾਰ ਲਵਪ੍ਰੀਤ ਸਿੰਘ ਨੂੰ ਆਪਣੇ ਮੋਟਰਸਾਈਕਲ ’ਤੇ ਉਸ ਨੂੰ ਉਸ ਦੇ ਪਿੰਡ ਛੱਡਣ ਲਈ ਜਾ ਰਿਹਾ ਸੀ ਪਰ ਹੋਣੀ ਨੇ ਦੋਵਾਂ ਨੂੰ ਰਸਤੇ ਵਿਚ ਹੀ ਘੇਰ ਲਿਆ। ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਜੈ ਕੁਮਾਰ ਅਜੇ ਕੁਵਾਰਾ ਸੀ ਅਤੇ ਮ੍ਰਿਤਕ ਲਵਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਉਸ ਦੇ ਦੋ ਬੱਚੇ ਸਨ।