ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕੀਤਾ ਗਿਆ ਸੀ ਕਤਲ
Raja Warring Shared His Grief with the Family of Kabaddi Player Tejpal in Jagraon Latest News in Punjabi ਜਗਰਾਓਂ : ਬੀਤੇ ਦਿਨੀਂ ਜਗਰਾਓਂ ਵਿਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਤੇਜਪਾਲ ਸਿੰਘ ਦੇ ਘਰ ਪਹੁੰਚੇ ਤੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਰਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਇਨਸਾਫ਼ ਦੀ ਲੜਾਈ ਵਿਚ ਉਹ ਪਰਵਾਰ ਦਾ ਹਰ ਤਰ੍ਹਾਂ ਨਾਲ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਉਹ ਕੇਸ ਲੜਣ ਲਈ ਵਕੀਲ ਦਾ ਖ਼ਰਚਾ ਵੀ ਪਰਵਾਰ ਨੂੰ ਦੇਣਗੇ।
ਰਾਜਾ ਵੜਿੰਗ ਨੇ ਕਿਹਾ ਕਿ ਪੁੱਤ ਦੇ ਪੋਸਟਮਾਰਟਮ ਤੇ ਸਸਕਾਰ ਦਾ ਫ਼ੈਸਲਾ ਪਰਵਾਰ ਨੇ ਲੈਣਾ ਹੈ ਤੇ ਇਸ ਵਿਚ ਕਿਸੇ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਪਰਵਾਰ ਤੇ ਪਿੰਡ ਵਾਸੀ ਜੋ ਵੀ ਫ਼ੈਸਲਾ ਲੈਣਗੇ ਅਸੀਂ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਾਂਗੇ। ਜੇ ਪੁਲਿਸ ਵਲੋਂ ਪਰਵਾਰ ਨੂੰ ਇਨਸਾਫ਼ ਨਹੀਂ ਦਿਵਾਇਆ ਜਾਂਦਾ ਤਾਂ ਉਹ ਲੋੜ ਪੈਣ 'ਤੇ ਐਸ.ਐਸ.ਪੀ. ਦਫ਼ਤਰ ਦਾ ਘਿਰਾਉ ਵੀ ਕਰਨਗੇ। ਉਨ੍ਹਾਂ ਨੇ ਮੌਕੇ 'ਤੇ ਮੌਜੂਦ ਐਸ.ਐਚ.ਓ. ਨਾਲ ਵੀ ਗੱਲਬਾਤ ਕੀਤੀ।
ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਵਾਰਦਾਤਾਂ ਹੋਣ ਕਾਰਨ ਪੰਜਾਬ ਦਾ ਮਾਹੌਲ ਖ਼ਰਾਬ ਹੋ ਗਿਆ ਹੈ। ਪਹਿਲਾਂ ਮਾਨਸਾ ਵਿਚ ਦੁਕਾਨਦਾਰ ਉੱਪਰ ਗੋਲ਼ੀਆਂ ਚੱਲੀਆਂ, ਅਗਲੇ ਦਿਨ ਜਲੰਧਰ ਵਿਚ ਸੁਨਿਆਰੇ ਦੀ ਦੁਕਾਨ ਲੁੱਟ ਲਈ ਗਈ ਤੇ ਬੀਤੇ ਦਿਨੀਂ ਜਗਰਾਓਂ ਵਿਚ ਤੇਜਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਵਿਚੋਂ ਪੁਲਿਸ ਦਾ ਡਰ ਖ਼ਤਮ ਹੋ ਚੁੱਕਿਆ ਹੈ।
(For more news apart from Raja Warring Shared Fis Grief with the Family of Kabaddi Player Tejpal in Jagraon Latest News in Punjabi stay tuned to Rozana Spokesman.)
