Punjab Weather Update: ਰਾਤ ਦਾ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 3.5 ਸੈਲਸੀਅਸ ਦਰਜ ਕੀਤਾ ਗਿਆ।
ਚੰਡੀਗੜ੍ਹ : ਪੰਜਾਬ ਦੇ ਮੌਸਮ ਵਿਚ ਲਗਾਤਾਰ ਬਦਲਾਅ ਆ ਰਹੇ ਹਨ। ਸੂਬੇ ਵਿਚ ਦਿਨੋਂ-ਦਿਨ ਠੰਢ ਵਧਦੀ ਜਾ ਰਹੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਬਾਰੇ ਇੱਕ ਤਾਜ਼ਾ ਅਪਡੇਟ ਜਾਰੀ ਕੀਤਾ ਹੈ। ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ, ਪੰਜਾਬ ਵਿਚ ਸੀਤ ਲਹਿਰ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕਈ ਇਲਾਕਿਆਂ ਵਿਚ ਸਵੇਰ ਵੇਲੇ ਧੁੰਦ ਪੈ ਰਹੀ ਹੈ।
ਮੌਸਮ ਵਿਭਾਗ ਨੇ ਅੱਜ ਤੋਂ 2 ਦਸੰਬਰ ਤਕ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਵੇਲੇ, ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਅਤੇ 2 ਦਸੰਬਰ ਤਕ ਖੁਸ਼ਕ ਮੌਸਮ ਦੀ ਉਮੀਦ ਹੈ। ਹਾਲਾਂਕਿ, ਵਿਭਾਗ ਦੇ ਮਾਹਰਾਂ ਅਨੁਸਾਰ, ਅਗਲੇ ਹਫ਼ਤੇ ਸੂਬੇ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।
ਤਾਪਮਾਨ ਸਬੰਧੀ ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਔਸਤ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ। ਮਾਨਸਾ ਜ਼ਿਲ੍ਹੇ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 27.7ੁ, ਰੋਪੜ ਅਤੇ ਮੋਹਾਲੀ ਵਿਚ 26.7, ਬਠਿੰਡਾ ਵਿਚ 26.2, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ 25.4, ਲੁਧਿਆਣਾ ਵਿਚ 24.2 ਦਰਜ ਕੀਤਾ ਗਿਆ। ਰਾਤ ਦਾ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 3.5 ਸੈਲਸੀਅਸ ਦਰਜ ਕੀਤਾ ਗਿਆ।
ਬਠਿੰਡਾ ਵਿਚ 5.6 ਸੈਲਸੀਅਸ, ਅੰਮ੍ਰਿਤਸਰ ਵਿਚ 5.9 ਸੈਲਸੀਅਸ, ਲੁਧਿਆਣਾ ਵਿਚ 6.65 ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਕੁਝ ਇਲਾਕਿਆਂ ਵਿਚ ਸੀਤ ਲਹਿਰ ਚੱਲ ਸਕਦੀ ਹੈ, ਜਿਸ ਕਾਰਨ ਠੰਢ ਹੋਰ ਵਧੇਗੀ।
