‘ਰੋਜ਼ਾਨਾ ਸਪੋਕਸਮੈਨ’ ਦੇ ਸੰਘਰਸ਼ਮਈ ਦੋ ਦਹਾਕੇ ਹੋਏ ਪੂਰੇ’ : ਪੰਥਕ ਵਿਦਵਾਨ
ਕੋਟਕਪੂਰਾ (ਗੁਰਿੰਦਰ ਸਿੰਘ) : ‘ਰੋਜ਼ਾਨਾ ਸਪੋਕਸਮੈਨ’ ਦੇ ਸੰਘਰਸ਼ਮਈ ਤੇ ਔਕੜਾਂ ਭਰਪੂਰ ਪਰ ਸਫ਼ਲਤਾਪੂਰਵਕ 20 ਸਾਲ ਪੂਰੇ ਹੋਣ ਅਤੇ 21ਵੇਂ ਸਾਲ ’ਚ ਦਾਖ਼ਲ ਹੋਣ ਦੀ ਖ਼ੁਸ਼ੀ ’ਚ ਵਧਾਈਆਂ ਦੇਣ ਵਾਲਿਆਂ ਨੇ ਦਾਅਵਾ ਕੀਤਾ ਕਿ ਭਾਵੇਂ ਦੁਨੀਆਂ ਭਰ ਦੇ ਇਤਿਹਾਸ ’ਚ ਕਿਸੇ ਅਖ਼ਬਾਰ ਨੂੰ ਮਾਰਨ ਜਾਂ ਬੰਦ ਕਰਾਉਣ ਲਈ ਸ਼ਕਤੀਸ਼ਾਲੀ ਲੋਕਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਇਕ ਵੀ ਮਿਸਾਲ ਨਹੀਂ ਮਿਲਦੀ, ਜਿਸ ਤਰ੍ਹਾਂ ‘ਰੋਜ਼ਾਨਾ ਸਪੋਕਸਮੈਨ’ ਖ਼ਿਲਾਫ਼ ਚਹੁੰਪਾਸੜ ਹੱਲੇ ਬੋਲੇ ਗਏ, ਕੂੜ-ਪ੍ਰਚਾਰ ਕੀਤਾ ਗਿਆ, ਸਰਕਾਰੀ ਇਸ਼ਤਿਹਾਰਾਂ ’ਤੇ ਪਾਬੰਦੀ, ਪੰਥ ’ਚੋਂ ਛੇਕਣ ਦਾ ਅਖੌਤੀ ਹੁਕਮਨਾਮਾ, ਝੂਠੇ ਪੁਲਿਸ ਕੇਸ ਆਦਿ, ਪਰ ਫਿਰ ਵੀ ‘ਰੋਜ਼ਾਨਾ ਸਪੋਕਸਮੈਨ’ ਦੁਨੀਆਂ ਦਾ ਸਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਪੰਜਾਬੀ ਅਖ਼ਬਾਰ ਬਣ ਗਿਆ। ਦੇਸ਼-ਵਿਦੇਸ਼ ’ਚ ਵਸਦੇ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨੇ ਪ੍ਰਵਾਨ ਕੀਤਾ ਹੈ ਕਿ ‘ਰੋਜ਼ਾਨਾ ਸਪੋਕਸਮੈਨ’ ਵਲੋਂ ਬੇਅਦਬੀ ਕਾਂਡ ਅਤੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਆਦਿ ਪੰਥਕ ਮਾਮਲਿਆਂ ’ਚ ਜਿਸ ਤਰ੍ਹਾਂ ਨਿਰਪੱਖ, ਨਿਸ਼ਕਾਮ, ਦਲੇਰਾਨਾ ਅਤੇ ਖੋਜਕਾਰੀ ਪੱਤਰਕਾਰੀ ਕੀਤੀ ਗਈ ਹੈ, ਉਸ ਨੇ ਜਿਥੇ ਸਿੱਖ ਸ਼ਕਲਾਂ ਵਾਲੇ ਪਖੰਡੀ ਜਥੇਦਾਰਾਂ ਦਾ ਮੁਖੌਟਾ ਬੇਨਕਾਬ ਕਰ ਕੇ ਰੱਖ ਦਿਤਾ ਹੈ, ਉੱਥੇ ਦੁਨੀਆਂ ਭਰ ਵਿਚ ਵਸਦੀ ਗੁਰੂ ਨਾਨਕ ਨਾਮਲੇਵਾ ਸੰਗਤ ਅਤੇ ਨਿਰਪੱਖ ਸੋਚ ਰੱਖਣ ਵਾਲੇ ਪੰਜਾਬੀ ‘ਰੋਜ਼ਾਨਾ ਸਪੋਕਸਮੈਨ’ ਨੂੰ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਮੰਨਣ ਲਈ ਸਹਿਮਤੀ ਪ੍ਰਗਟਾ ਰਹੇ ਹਨ।
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ ਨੇ ਦਾਅਵਾ ਕੀਤਾ ਕਿ ਪੰਥ ਦੀ ਅਵਾਜ਼ ਬਣ ਚੁੱਕੇ ‘ਰੋਜ਼ਾਨਾ ਸਪੋਕਸਮੈਨ’ ਨੇ 20 ਸਾਲ ਪਹਿਲਾਂ ਜਦੋਂ ਜਨਮ ਲਿਆ, ਉਦੋਂ ਤੋਂ ਲੈ ਕੇ ਅੱਜ ਤਕ ਪੁਜਾਰੀਵਾਦ ਦਾ ਹਰ ਕੁਹਾੜਾ ਝੱਲਦਾ ਆ ਰਿਹਾ ਹੈ ਪਰ ਈਨ ਨਹੀਂ ਮੰਨੀ। ਉਨ੍ਹਾਂ ਕਾਮਨਾ ਕੀਤੀ ਕਿ ਸ. ਜੋਗਿੰਦਰ ਸਿੰਘ ਜੀ ਸਮੇਤ ਬੀਬੀ ਜਗਜੀਤ ਕੌਰ ਅਤੇ ਬੀਬਾ ਨਿਮਰਤ ਕੌਰ ਵਲੋਂ ਅਰੰਭੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਪ੍ਰੋਜੈਕਟ ਨੂੰ ਵੀ ਕਾਮਯਾਬ ਕਰਨ ਵਿਚ ਸਫ਼ਲਤਾ ਮਿਲੇ। ਉਨ੍ਹਾਂ ਦੇਸ਼-ਵਿਦੇਸ਼ ’ਚ ਅਪਣੀ ਵਖਰੀ ਪਛਾਣ ਦੇ ਮੀਲ ਪੱਥਰ ਗੱਡਣ ਲਈ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰਬੰਧਕਾਂ, ਪੱਤਰਕਾਰਾਂ ਤੇ ਸਹਿਯੋਗੀਆਂ ਨੂੰ ਮੁਬਾਰਕਬਾਦ ਦਿਤੀ।
ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਆਖਿਆ ਕਿ ‘ਰੋਜ਼ਾਨਾ ਸਪੋਕਸਮੈਨ’ ਨੇ ਅਪਣੀਆਂ ਪ੍ਰਾਪਤੀਆਂ ਦੌਰਾਨ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਦਿਆਂ ਉਨ੍ਹਾਂ ਨੂੰ ਸਮਾਜ ’ਚ ਸਿਰ ਉੱਚਾ ਕਰ ਕੇ ਤੁਰਨ ਦੇ ਸਮਰੱਥ ਬਣਾਇਆ, ਇਹ ‘ਰੋਜ਼ਾਨਾ ਸਪੋਕਸਮੈਨ’ ਦੀ ਇਕ ਵੱਡੀ ਪ੍ਰਾਪਤੀ ਹੈ ਕਿ ਦੱਬੇ-ਕੁਚਲੇ ਲੋਕਾਂ ਦੀਆਂ ਖ਼ਬਰਾਂ ਛਾਪ ਕੇ ਇਸ ਅਖ਼ਬਾਰ ਨੇ ਹੋਰਨਾਂ ਅਖ਼ਬਾਰਾਂ ਨੂੰ ਵੀ ਗ਼ਰੀਬ, ਬੇਵੱਸ ਤੇ ਲਾਚਾਰ ਲੋਕਾਂ ਦੀ ਅਵਾਜ਼ ਬੁਲੰਦ ਕਰਨ ਲਈ ਮਜਬੂਰ ਕਰ ਕੇ ਰੱਖ ਦਿਤਾ।
ਪ੍ਰਸਿੱਧ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੇ ਦਾਅਵਾ ਕੀਤਾ ਕਿ ਪ੍ਰੋ. ਗੁਰਮੁੱਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੀ ਗੁਰਦਵਾਰਾ ਸੁਧਾਰ ਲਹਿਰ ਤੋਂ ਬਾਅਦ ਪਹਿਲੀ ਵਾਰ ਸ. ਜੋਗਿੰਦਰ ਸਿੰਘ ਦੇ ਰੂਪ ’ਚ ਕਿਸੇ ਨਿਧੜਕ ਵਿਅਕਤੀ ਨੇ ਪੁਜਾਰੀਵਾਦ ਖ਼ਿਲਾਫ਼ ਬੋਲਣ ਅਤੇ ਸਟੈਂਡ ਲੈਣ ਦੀ ਹਿੰਮਤ ਕੀਤੀ। ਸ. ਜੋਗਿੰਦਰ ਸਿੰਘ ਵਲੋਂ ਬਾਬੇ ਨਾਨਕ ਦੀ ਵਿਚਾਰਧਾਰਾ, ਦਸਮ ਗ੍ਰੰਥ, ਮੂਲ ਨਾਨਕਸ਼ਾਹੀ ਕੈਲੰਡਰ, ਸਿੱਖ ਸਿਧਾਂਤ, ਪੰਥਕ ਵਿਚਾਰਧਾਰਾ, ਸਿੱਖੀ ਦੇ ਨਿਆਰੇਪਣ, ਡੇਰਿਆਂ, ਅੰਧ-ਵਿਸ਼ਵਾਸ਼, ਕਰਮਕਾਂਡ ਅਤੇ ਪੰਥ ’ਚ ਘੁਸੋੜ ਦਿੱਤੀਆਂ ਮਨਮੱਤਾਂ, ਫ਼ਜ਼ੂਲ ਰਸਮਾਂ ਅਤੇ ਝੂਠੀਆਂ ਸਾਖੀਆਂ ਬਾਰੇ ਲਿਆ ਗਿਆ ਸਟੈਂਡ ਪ੍ਰਸ਼ੰਸਾਯੋਗ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ ਸਪੋਕਸਮੈਨ ਦੀ ਵਰੇਗੰਢ੍ਹ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਭਾਵੇਂ ‘ਰੋਜ਼ਾਨਾ ਸਪੋਕਸਮੈਨ’ ਅਤੇ ਇਸ ਦੇ ਪ੍ਰਬੰਧਕਾਂ ਵਿਰੁਧ ਬਹੁਤ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਦੀਆਂ ਅਨੇਕਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ ਪਰ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਵਰਗੀਆਂ ਮਾਣਮੱਤੀਆਂ ਸੰਸਥਾਵਾਂ ਦੀ ਬਜਾਇ ਇਨ੍ਹਾਂ ਦੇ ਪ੍ਰਬੰਧਕ ਹੀ ਜਵਾਬਦੇਹ ਹੁੰਦੇ ਹਨ। ਜੇਕਰ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰਬੰਧਕਾਂ ਵਿਰੁਧ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਅਤੇ ਸ਼੍ਰੋਮਣੀ ਕਮੇਟੀ ਨੇ ਲਗਾਤਾਰ 20 ਸਾਲ ਇਸ ਅਖ਼ਬਾਰ ਦੇ ਇਸ਼ਤਿਹਾਰਾਂ ਉੱਪਰ ਪਾਬੰਦੀ ਲਾਈ ਰੱਖੀ ਤਾਂ ਇਸ ਲਈ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਮੇਰੇ ਵਰਗੇ ਸਮੇਂ ਸਮੇਂ ਬਣਦੇ ਰਹੇ ਪ੍ਰਧਾਨ ਹੀ ਜਿੰਮੇਵਾਰ, ਕਸੂਰਵਾਰ ਅਤੇ ਜਵਾਬਦੇਹ ਹਨ।
