ਮੈਰਿਜ ਪੈਲੇਸ ’ਚ ਚੱਲੀਆਂ ਗੋਲੀਆਂ ਨੇ ਦੋ ਬੇਕਸੂਰਾਂ ਦੀ ਲਈ ਜਾਨ, ਮ੍ਰਿਤਕ ਵਾਸੂ ਦੇ ਪਰਿਵਾਰ ਨੂੰ ਮਿਲੇ ਇਨਸਾਫ਼ : ਰਿਸ਼ਤੇਦਾਰ
ਲੁਧਿਆਣਾ/ਪਵਨ ਸਿੱਧੂ : ਲੁਧਿਆਣਾ ਮੈਰਿਜ ਪੈਲੇਸ ’ਚ ਜਾਨ ਗੁਆਉਣ ਵਾਲੇ ਵਾਸੂ ਖ਼ੁਸ਼ੀ-ਖੁਸ਼ੀ ਆਪਣੀ ਮਾਤਾ, ਪਤਨੀ ਅਤੇ ਬੱਚਿਆਂ ਨਾਲ ਵਿਆਹ ਦੇਖਣ ਗਿਆ ਸੀ। ਗੋਲੀ ਲੱਗਣ ਸਮੇਂ ਵਾਸੂ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਮੈਰਿਜ ਪੈਲੇਸ ਦੇ ਬਾਹਰ ਕੁੱਝ ਖਾ ਪੀ ਰਹੇ ਸਨ । ਇਸੇ ਦੌਰਾਨ ਉਥੇ ਦੋ ਨੌਜਵਾਨ ਅਤੇ ਉਨ੍ਹਾਂ ਦਰਮਿਆਨ ਕੋਈ ਝਗੜਾ ਹੋਇਆ ਅਤੇ ਉਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਅਤੇ ਇਨ੍ਹਾਂ ਵਿਚੋਂ ਇਕ ਗੋਲੀ ਵਾਸੂ ਦੇ ਦਿਲ ਕੋਲ ਲੱਗੀ ਅਤੇ ਵਾਸੂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਰਿਸ਼ਤੇਦਾਰਾਂ ਨੇ ਕਿਹਾ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਸਾਡੇ ਪਰਿਵਾਰ ਨੂੰ ਇਨਸਾਫ਼ ਮਿਲੇ, ਕਿਉਂਕਿ ਵਾਸੂ ਪਰਿਵਾਰ ’ਚ ਇਕਲੌਤਾ ਕਮਾਉਣ ਵਾਲਾ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਕਮਾਉਣ ਵਾਲਾ ਕੋਈ ਨਹੀਂ ਰਿਹਾ । ਪਰਿਵਾਰ ’ਚ ਪਿੱਛੇ ਵਾਸੂ ਦੀ ਮਾਤਾ, ਉਨ੍ਹਾਂ ਦੀ ਪਤਨੀ ਅਤੇ ਦੋ ਛੋਟੇ ਬੱਚੇ ਹਨ। ਰਿਸ਼ਤੇਦਾਰਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ’ਚ ਸਖਤ ਕਦਮ ਚੁੱਕਣਾ ਚਾਹੀਦਾ ਕਿ ਮੈਰਿਜ ਪੈਲੇਸ ਦੇ ਅੰਦਰ ਇੰਨੇ ਹਥਿਆਰ ਕਿਉਂ ਗਏ ਅਤੇ ਵਿਆਹਾਂ ਵਿਚ ਹਥਿਆਰਾਂ ਦੀ ਕੀ ਕੰਮ ਹੈ। ਇਸ ਵਿਆਹ ਸਮਾਗਮ ਦੌਰਾਨ 20-25 ਰਾਊਂਡ ਫਾਈਰਿੰਗ ਕੀਤੀ, ਕੀ ਹੁਣ ਵਿਆਹ ਸਮਾਗਮਾਂ ਦੌਰਾਨ ਵੀ ਪੁਲਿਸ ਤਾਇਨਾਤ ਕਰਨੀ ਪਿਆ ਕਰੇਗੀ।
ਜ਼ਿਕਰਯੋਗ ਹੈ ਬੀਤੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਫਾਇਰਿੰਗ ਹੋਈ ਸੀ ਅਤੇ ਇਸ ਫਾਈਰਿੰਗ ਦੌਰਾਨ ਦੋ ਮੌਤਾਂ ਹੋ ਗਈਆਂ ਸਨ । ਮ੍ਰਿਤਕਾਂ ’ਚ ਲਾੜੇ ਦੇ ਮਾਸੀ ਅਤੇ ਦੋਸਤ ਵਾਸੂ ਸ਼ਾਮਲ ਹਨ । ਦੱਸਿਆ ਜਾ ਰਿਹਾ ਹੈ ਕਿ ਪੁਰਾਣੇ ਝਗੜੇ ਨੂੰ ਲੈ ਕੇ ਦੋ ਸਮੂਹਾਂ ਵਿਚਕਾਰ ਝਗੜਾ ਹੋਇਆ, ਜਿਸ ਨੇ ਮਿੰਟਾਂ ਵਿੱਚ ਹੀ ਦੋ ਜਾਨਾਂ ਲੈ ਲਈਆਂ।
