
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੇਂਦਰੀ ਸੜਕੀ ਆਵਾਜਾਈ...
ਚੰਡੀਗੜ (ਸ.ਸ.ਸ) : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਅਤੇ ਜਹਾਜ਼ਰਾਨੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਮਕੌੜਾ ਪੱਤਣ ਵਿੱਚ ਸਥਾਈ ਤੇ ਉੱਚ ਪੱਧਰੀ ਪੁੱਲ ਬਣਾਏ ਜਾਣ ਦੀ ਮੰਗ ਤੋਂ ਜਾਣੂ ਕਰਵਾਇਆ ਤਾਂ ਜੋ ਇਸ ਸਰਹੱਦੀ ਖੇਤਰ ਨੂੰ ਹੋਰਾਂ ਖੇਤਰਾਂ ਨਾਲ ਜੋੜ ਕੇ ਵਿਕਸਤ ਕਰਨ ਵਿੱਚ ਸਹਾਇਤਾ ਮਿਲ ਸਕੇ।
ਇਸ ਪ੍ਰਾਜੈਕਟ ਨੂੰ ਮਾਝਾ ਖੇਤਰ ਖਾਸ ਕਰ ਕੇ ਗੁਰਦਾਸਪੁਰ ਦੇ ਅਰਥਚਾਰੇ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ ਦੀ ਲੋੜ ਗਰਦਾਨਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮਕੌੜਾ ਪੱਤਣ ਵਿਖੇ ਇੱਕ ਆਰਜ਼ੀ ਪੁੱਲ ਹੈ ਜੋ ਕਿ ਹਰ ਸਾਲ ਮਾਨਸੂਨ ਰੁੱਤ ਤੋਂ ਬਾਅਦ ਰਾਵੀ ਦਰਿਆ ਉੱਤੇ ਬਣਾਇਆ ਜਾਂਦਾ ਹੈ। ਇਸ ਦਰਿਆ ਦੇ ਆਲੇ ਦੁਆਲੇ 7 ਪਿੰਡ ਹਨ ਜੋ ਕਿਸੇ ਪੱਕੀ ਸੜਕ ਰਾਹੀਂ ਇੱਕ ਦੂਜੇ ਨਾਲ ਨਹੀਂ ਜੁੜੇ ਹਨ ਅਤੇ ਹਰ ਸਾਲ ਬਰਸਾਤ ਰੁੱਤ ਤੋਂ ਪਹਿਲਾਂ ਪੁੱਲ ਤੋੜ ਦਿੱਤਾ ਜਾਂਦਾ ਹੈ ਅਤੇ ਲੋਕਾਂ ਨੂੰ ਦਰਿਆ ਪਾਰ ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ।
ਸ੍ਰੀਮਤੀ ਚੌਧਰੀ ਨੇ ਅੱਗੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਰੋਜ਼-ਮਰਾ ਦੇ ਕੰਮ ਕਰਨ ਵਿੱਚ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਵਿਦਿਆਰਥੀਆਂ ਦੇ ਸਕੂਲ ਤੇ ਕਾਲਜ ਦਰਿਆ ਦੇ ਦੂਜੇ ਪਾਸੇ ਹਨ, ਕਿਸਾਨ ਆਪਣੀ ਫਸਲ ਨੂੰ ਖੇਤਾਂ ਤੋਂ ਮੰਡੀ ਤੇ ਗੰਨਾ ਮਿੱਲਾਂ ਤੱਕ ਲਿਜਾਣ ਲਈ ਅਸਮਰੱਥ ਹਨ ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਲੋਕ ਨਾਜ਼ੁਕ ਹਾਲਾਤਾਂ ਦੌਰਾਨ ਸਿਹਤ ਸਹਾਇਤਾ ਹਾਸਲ ਕਰਨ ਲਈ ਵੀ ਜੂਝ ਰਹੇ ਹਨ। ਮੰਤਰੀ ਨੇ ਕਿਹਾ ਕਿ ਇਨਾਂ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਇਲਾਕੇ ਵਿੱਚ ਸਥਾਈ ਪੁੱਲ ਦੀ ਸਖ਼ਤ ਲੋੜ ਹੈ ਅਤੇ ਆਸ ਕੀਤੀ ਜਾਂਦੀ ਹੈ
ਕਿ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਇਸ ਸਥਿਤੀ ਪ੍ਰਤੀ ਹਮਦਰਦੀ ਭਰਿਆ ਵਤੀਰਾ ਅਖ਼ਤਿਆਰ ਕਰਨਗੇ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਇਸ ਪੁੱਲ ਰੂਪੀ ਸੌਗ਼ਾਤ ਨਾਲ ਨਵਾਜ਼ਣਗੇ।