
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਤਹਿਤ ਦਿਵਿਆਂਗ ਵਿਦਿਆਰਥੀਆਂ ਤੋਂ ਮੰਗੀਆਂ ਅਰਜ਼ੀਆਂ ਦੀ ਆਖਰੀ ਮਿਤੀ ਵਧਾ ਕੇ 15 ...
ਚੰਡੀਗੜ੍ਹ :- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਤਹਿਤ ਦਿਵਿਆਂਗ ਵਿਦਿਆਰਥੀਆਂ ਤੋਂ ਮੰਗੀਆਂ ਅਰਜ਼ੀਆਂ ਦੀ ਆਖਰੀ ਮਿਤੀ ਵਧਾ ਕੇ 15 ਅਕਤੂਬਰ 2018 ਕਰ ਦਿੱਤੀ ਹੈ। ਵਿਭਾਗ ਵੱਲੋਂ ਪ੍ਰੀ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਣ ਲਈ ਦਿਵਿਆਂਗ ਵਿਦਿਆਰਥੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਅਰਜ਼ੀਆਂ ਕੇਂਦਰੀ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਦੇ ਵਿਭਾਗ ਦੀਆਂ ਹਿਦਾਇਤਾਂ ਦੇ ਅਨੁਸਾਰ ਮੰਗੀਆਂ ਗਈਆਂ ਹਨ।
ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਦਿੱਤੀ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਸਬੰਧਤ ਹਰ ਕਿਸਮ ਦੀਆਂ ਗਤਿਵਿਧੀਆਂ ਨੂੰ ਬੜੀ ਸੰਜੀਦਗੀ ਤੇ ਤਰਜੀਹ ਨਾਲ ਅਮਲ ਵਿੱਚ ਲਿਆ ਰਹੀ ਹੈ ਅਤੇ ਅਜਿਹੇ ਵਿਦਿਆਰਥੀਆਂ ਦੀ ਭਲਾਈ ਨੂੰ ਯਕੀਨੀ ਬਨਾਉਣ ਲਈ ਵਚਨਬੱਧ ਹੈ।
ਉਹਨਾਂ ਦੱਸਿਆ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ 9ਵੀਂ ਅਤੇ 10ਵੀਂ ਜਮਾਤ ਦੇ ਉਹਨਾਂ ਦਿਵਿਆਂਗ ਵਿਦਿਆਰਥੀਆਂ 'ਤੇ ਲਾਗੂ ਹੁੰਦੀ ਹੈ ਜਿਹਨਾਂ ਦੀ ਸਾਲਾਨਾ ਪਰਿਵਾਰਕ ਆਮਦਨ 2.50 ਲੱਖ ਤੋਂ ਵੱਧ ਨਾ ਹੋਵੇ ਅਤੇ ਇਸ ਸਕਾਲਰਸ਼ਿਪ ਲਈ ਬਿਨੈ ਕਰਨ ਦੀ ਪਹਿਲਾ ਅੰਤਿਮ ਮਿਤੀ 30 ਸਤੰਬਰ ਸੀ ਜੋ ਹੁਣ ਵਧਾ ਕੇ 15 ਅਕਤੂਬਰ 2018 ਕਰ ਦਿੱਤੀ ਹੈ। ਉਹਨਾਂ ਅਗਾਂਹ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਫਾਇਦਾ 11ਵੀਂ ਜਮਾਤ ਤੋਂ ਲੈਕੇ ਮਾਸਟਰ ਡਿਗਰੀ/ਡਿਪਲੋਮਾ ਕਰਨ ਵਾਲੇ ਉਹ ਵਿਦਿਆਰਥੀ ਲੈ ਸਕਣਗੇ ਜਿਹਨਾਂ ਦੀ ਸਾਲਾਨਾ ਪਰਿਵਾਰਕ ਆਮਦਨ 2.50 ਲੱਖ ਤੋਂ ਵੱਧ ਨਹੀਂ ਹੈ।
ਇਸ ਲਈ ਅਰਜ਼ੀਆਂ ਦੇਣ ਦੀ ਅੰਤਿਮ ਮਿਤੀ 31 ਅਕਤੂਬਰ 2018 ਹੈ। ਸ੍ਰੀਮਤੀ ਚੌਧਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਅਗਲੀ ਭਲਾਈ ਸਕੀਮ, ਸਰਵੋਤਮ ਸ੍ਰੇਣੀ ਵਿਦਿਆ ਹੈ ਅਤੇ ਇਸ ਸਕੀਮ ਦਾ ਲਾਹਾ ਉਹ ਵਿਦਿਆਰਥੀ ਲੈ ਸਕਦੇ ਹਨ ਜਿਹਨਾਂ ਦੀ ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਵੱਧ ਨਹੀਂ ਹੈ। ਇਸ ਲਈ ਅਰਜ਼ੀਆਂ ਦੇਣ ਦੀ ਅੰਤਿਮ ਮਿਤੀ ਵੀ 31 ਅਕਤੂਬਰ, 2018 ਹੈ। ਇਹ ਸਕੀਮ ਇਨਸਟੀਟਿਊਸ਼ਨ ਆਫ਼ ਐਕਸੀਲੈਂਸ ਵਿੱਚ ਗਰੈਜੂਏਟ/ਪੋਸਟ ਗਰੈਜੂਏਟ ਡਿਗਰੀ/ਡਿਪਲੋਮਾ ਕੋਰਸ ਕਰਨ ਵਾਲੇ ਵਿਦਿਆਰਥੀਆਂ 'ਤੇ ਲਾਗੂ ਹੇਵੇਗੀ। ਉਕਤ ਤਿੰਨੇ ਕਿਸਮ ਦੀਆਂ ਸਕੀਮਾਂ ਦਾ ਫਾਇਦਾ ਨੈਸ਼ਨਲ ਸਕਾਲਰਸ਼ਿਪ ਪੋਰਟਲ ਰਾਹੀਂ ਲਿਆ ਜਾ ਸਕਦਾ ਹੈ।
ਇਹਨਾਂ ਤਿੰਨਾਂ ਸਕੀਮਾਂ ਸਬੰਧੀ ਅਰਜ਼ੀਆਂ ਸਿਰਫ ਆਨਲਾਈਨ ਹੀ ਅਪਲਾਈ ਕੀਤੀਆਂ ਜਾ ਸਕਣਗੀਆਂ। ਸ੍ਰੀਮਤੀ ਚੌਧਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਮਾਸਟਰ ਡਿਗਰੀ ਜਾਂ ਡਾਕਟਰੇਟ ਕਰ ਰਹੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਨੈਸ਼ਨਲ ਫੈਲੋਸ਼ਿਪ ਲੈਣ ਲਈ ਸਾਲਾਨਾ ਪਰਿਵਾਰਕ ਆਮਦਨ 6 ਲੱਖ ਹੈ ਅਤੇ ਇਸ ਸਬੰਧੀ ਅਰਜ਼ੀਆਂ ਸਾਰਾ ਸਾਲ ਦਿੱਤੀਆਂ ਜਾ ਸਕਦੀਆਂ ਹਨ। ਇਸ ਸਕੀਮ ਤਹਿਤ ਅਪਲਾਈ ਕਰਨ ਲਈ ਪਰਫਾਰਮਾ ਪੋਰਟਲ 'ਤੇ ਉਪਲਬਧ ਹੈ।
ਇਸ ਪਰਫਾਰਮੇ ਵਿੱਚ ਦਿੱਤੀ ਅਰਜ਼ੀ ਨੂੰ ਅੰਡਰ ਸੈਕਟਰੀ (ਸਕਾਲਰਸ਼ਿਪ), ਦਿਵਿਆਂਗ ਵਿਅਕਤੀਆਂ ਨੂੰ ਸ਼ਕਤੀਕਰਨ ਬਾਰੇ ਵਿਭਾਗ, ਕਮਰਾ ਨੰ:516, ਪੰਜਵੀਂ ਮੰਜ਼ਿਲ, ਪੰਡਿਤ ਦੀਨ ਦਿਆਲ ਅੰਨਤੋਦਿਆ ਭਵਨ, ਸੀ.ਜੀ.ਓ ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ-110003 ਵਿਖੇ ਭੇਜੀਆਂ ਜਾ ਸਕਦੀਆਂ ਹਨ। ਭਾਰਤੀ ਯੂਨੀਵਰਸਿਟੀਆਂ ਵਿਚ ਐਮ.ਫਿਲ/ ਪੀ.ਐਚ.ਡੀ ਕਰ ਰਹੇ ਅਜਿਹੇ ਵਿਦਿਆਰਥੀਆਂ ਲਈ ਸਾਲਾਨਾ ਪਰਿਵਾਰਕ ਆਮਦਨ ਦੀ ਕੋਈ ਸ਼ਰਤ ਨਹੀਂ ਹੈ ਅਤੇ ਅਜਿਹੇ ਵਿਦਿਆਰਥੀ ਆਪਣੀਆਂ ਅਰਜ਼ੀਆਂ (ਜਦੋਂ ਵੀ ਮੰਗੀਆਂ ਜਾਣ) ਯੂਨੀਵਰਸਿਟੀ ਗਰਾਂਟਜ਼ ਕਮਿਸ਼ਨ(ਯੂ.ਜੀ.ਸੀ) ਵਿੱਚ ਜਮਾਂ ਕਰਵਾ ਸਕਦੇ ਹਨ।
ਸਰਕਾਰੀ ਜਾਂ ਗੈਰ-ਸਰਕਾਰੀ ਖੇਤਰਾਂ ਵਿੱਚ ਨੌਕਰੀ ਲੈਣ ਲਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਅਤੇ ਤਕਨੀਕੀ / ਕਿੱਤਾ ਮੁਖੀ ਕੋਰਸਾਂ ਵਿੱਚ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਲੈਣ ਲਈ ਉੱਚਤਮ ਸਾਲਾਨਾ ਆਮਦਨ ਸੀਮਾ 6 ਲੱਖ ਰੁਪਏ ਹੈ। ਸਿਖਲਾਈ ਦੀ ਫੀਸ ਵਿਭਾਗ ਵੱਲੋਂ ਚੁਣਕੇ ਸੂਚੀਬੱਧ ਕੀਤੇ ਅਦਾਰਿਆਂ ਨੂੰ ਜਮਾਂ ਕਰਵਾਉਣੀ ਹੋਵੇਗੀ। ਇਸ ਸਬੰਧੀ ਹੋਰ ਜਾਣਕਾਰੀ ਲਈ ਵਿਦਿਆਰਥੀ ਵਿਭਾਗ ਦੀ ਵੈਬਸਾਈਟ 'ਤੇ ਜਾਕੇ ਦਿੱਤੇ ਗਏ ਅਦਾਰਿਆਂ ਨਾਲ ਸੰਪਰਕ ਕਰ ਸਕਦੇ ਹਨ। ਮੰਤਰੀ ਨੇ ਦੱਸਿਆ ਕਿ ਇਹ ਸਾਰੇ ਸਕਾਲਰਸ਼ਿਪ 40 ਫੀਸਦ ਦਿਵਿਆਂਗ ਵਾਲੇ ਉਹਨਾਂ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਣਗੇ ਜਿੰਨਾਂ ਕੋਲ ਪ੍ਰਮਾਣਿਤ ਮੈਡੀਕਲ ਅਥਾਰਟੀ ਵੱਲੋਂ ਜਾਰੀ ਕੀਤਾ ਵਿਕਲਾਂਗਤਾ ਸਰਟੀਫਿਕੇਟ ਹੋਵੇਗਾ।