
ਕਈ ਸਿਆਸੀ ਆਗੂਆਂ ਦੀਆਂ ਮੁਸ਼ਕਲਾਂ ਵਧਣ ਦੇ ਅਸਾਰ
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਫੜੀ ਗਈ ਬਹੁ-ਕਰੌੜੀ ਨਸ਼ਾ ਫ਼ੈਕਟਰੀ ਦੇ 'ਸਿਆਸੀ ਅਕਾਵਾਂ' ਨਾਲ ਤਾਰ ਜੁੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਸਬੰਧੀ ਜਿੱਥੇ ਅਕਾਲੀ ਦੇ ਦਿਗਜ਼ ਆਗੂਆਂ 'ਤੇ ਉਂਗਲ ਉਠ ਰਹੀ ਸੀ, ਉਥੇ ਹੀ ਹੁਣ ਕਾਂਗਰਸੀ ਵੀ ਇਸ ਦੀ ਲਪੇਟੇ ਵਿਚ ਆਉਂਦੇ ਨਜ਼ਰ ਆ ਰਹੇ ਹਨ।
Photo
ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਟ ਟਾਸਕ ਫੋਰਸ ਦੀ ਟੀਮ ਵਲੋਂ ਹੁਣ ਇਸ ਮਾਮਲੇ ਵਿਚ ਇਕ ਕਾਂਗਰਸੀ ਕੌਂਸਲਰ ਦੇ ਬੇਟੇ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕਾਂਗਰਸੀ ਕੌਂਸਲਰ ਦਾ ਪੁੱਤਰ ਫੜੇ ਗਏ ਮੁਲਾਜ਼ਮਾਂ ਵਿਚੋਂ ਇਕ ਦੇ ਸੰਪਰਕ 'ਚ ਸੀ।
Photo
ਐਸਟੀਐਫ ਦੇ ਸੂਤਰਾਂ ਅਨੁਸਾਰ ਕੌਂਸਲਰ ਦੇ ਪੁੱਤਰ ਸਾਹਿਲ ਸ਼ਰਮਾ ਨੂੰ ਨੋਟਿਸ ਭੇਜ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਜਾਂਚ ਦੌਰਾਨ ਉਸ ਦੀ ਨਸ਼ੇ ਦੇ ਇਸ ਕਾਰੋਬਾਰ ਵਿਚ ਭੂਮਿਕਾ ਦੀ ਪੜਤਾਲ ਕੀਤੀ ਜਾਵੇਗੀ। ਜੇਕਰ ਉਸ ਦੇ ਇਸ ਕਾਰੋਬਾਰ ਨਾਲ ਤਾਰ ਜੁੜਣ ਦੇ ਸਬੂਤ ਮਿਲੇ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।
Photo
ਇਸੇ ਦੌਰਾਨ ਐਸਟੀਐਫ਼ ਵਲੋਂ ਕੋਠੀ ਦੇ ਮਾਲਕ ਅਕਾਲੀ ਆਗੂ ਅਨਵਰ ਮਸੀਹ ਨੂੰ ਵੀ ਜਾਂਚ ਸ਼ਾਮਲ ਹੋਣ ਸਬੰਧੀ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਬਲੇਗੌਰ ਹੈ ਕਿ ਜਿਸ ਕੋਠੀ ਵਿਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ, ਉਹ ਅਨਵਰ ਮਸੀਹ ਦੀ ਸੀ, ਜੋ ਉਸ ਨੇ ਕਿਰਾਏ 'ਤੇ ਦਿਤੀ ਹੋਈ ਸੀ।
Photo
ਐਸਟੀਐਫ਼ ਅਨੁਸਾਰ ਇਸ ਕੋਠੀ ਵਿਚ ਹੈਰੋਇਨ ਡੰਪ ਕੀਤੀ ਜਾਂਦੀ ਸੀ। ਕਾਬਲੇਗੌਰ ਹੈ ਕਿ ਨਸ਼ਿਆਂ ਦੇ ਇਸ ਕਾਰੋਬਾਰ ਦੇ ਤਾਰ ਵੱਡੇ ਸਿਆਸੀ ਆਗੂਆਂ ਨਾਲ ਜੁੜੇ ਹੋਣ ਦੇ ਅੰਦਾਜ਼ੇ ਪਹਿਲੇ ਦਿਨ ਤੋਂ ਹੀ ਲਗਾਏ ਜਾ ਰਹੇ ਸਨ। ਹੁਣ ਇਸ ਮਾਮਲੇ 'ਚ ਕਾਂਗਰਸੀ ਕੌਂਸਲਰ ਦੇ ਪੁੱਤਰ ਦਾ ਨਾਂ ਆਉਣ ਤੋਂ ਬਾਅਦ ਹੋਰ ਸਿਆਸੀ ਆਗੂਆਂ 'ਤੇ ਉਂਗਲ ਉਠਣ ਦੇ ਅਸਾਰ ਬਣਦੇ ਜਾ ਰਹੇ ਹਨ।