
ਕਿਹਾ, ਬਜਟ ਨੇ ਸਾਫ਼ ਕੀਤਾ ਕਿ ਸਰਕਾਰ ਲਈ ਆਰਥਕਤਾ ਕੋਈ ਪਹਿਲ ਨਹੀਂ ਹੈ ਬਲਕਿ ਉਸ ਦਾ ਏਜੰਡਾ ਸਿਰਫ ਨਕਰਾਤਮਿਕ ਤੇ ਵੰਡ ਪਾਊ ਹੈ
ਚੰਡੀਗੜ੍ਹ: ਕੇਂਦਰੀ ਬਜਟ 'ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਇਸ ਵਿਚ ਕੁੱਝ ਠੋਸ ਨਹੀਂ ਹੈ ਸਿਰਫ਼ ਸੋਸ਼ੇਬਾਜ਼ੀ ਦੇ ਐਲਾਨ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਬਜਟ ਰਾਹੀਂ ਸਾਫ਼ ਕਰ ਦਿਤਾ ਕਿ ਆਰਥਕਤਾ ਉਨ੍ਹਾਂ ਦੀ ਪਹਿਲ ਨਹੀਂ ਹੈ ਸਗੋਂ ਉਨ੍ਹਾਂ ਦਾ ਏਜੰਡਾ ਨਕਰਾਤਮਿਕਤਾ ਤੇ ਵੰਡ ਪਾਊ ਹੈ।
Photo
ਉਨ੍ਹਾਂ ਕਿਹਾ ਕਿ ਬਜਟ ਵਿਚ ਕੁੱਝ ਨਹੀਂ ਹੈ ਜਿਹੜਾ ਆਰਥਕ ਸੁਧਾਰਾਂ ਦਾ ਰਾਹ ਪੱਧਰਾ ਕਰੇ ਜਾਂ ਜਨਤਕ ਖਪਤ ਨੂੰ ਵਧਾ ਸਕੇ ਜਿਸ ਨਾਲ ਆਰਥਕਤਾ ਮੁੜ ਲੀਹਾਂ ਉਤੇ ਖੜ੍ਹੀ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿਚ ਬਿਆਨਬਾਜ਼ੀ ਤੋਂ ਇਲਾਵਾ ਕੁੱਝ ਵੀ ਨਹੀਂ ਹੈ ਜਿਹੜਾ ਸਮਾਜ ਦੇ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੋਵੇ, ਚਾਹੇ ਉਹ ਕਿਸਾਨ, ਨੌਜਵਾਨ, ਵਪਾਰੀ ਜਾਂ ਮੱਧ ਵਰਗੀ ਤੇ ਗਰੀਬ ਲੋਕ ਹੋਣ।
Photo
ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਬਜਟ ਵਪਾਰੀਆਂ ਦੀਆਂ ਭਾਵਨਾਨਾਂ ਨੂੰ ਮੁੜ ਸੁਰਜੀਤ ਕਰਨ ਦੀ ਬਜਾਏ ਦਿਸ਼ਾ ਤੇ ਸੋਚ ਰਹਿਤ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਇੱਛਾਵਾਂ ਅਤੇ ਲੋੜਾਂ ਦੀ ਕੋਈ ਪ੍ਰਵਾਹ ਨਹੀਂ ਹੈ ਜਿਸ ਕਰ ਕੇ ਇਹ ਅਰਥਵਿਵਸਥਾ ਨੂੰ ਹੋਰ ਨੀਵਾਣ ਵਲ ਲੈ ਕੇ ਜਾਵੇਗਾ।
Photo
ਵਿੱਤ ਮੰਤਰੀ ਦੀ 2019-20 ਦੀ ਆਰਥਕ ਮੰਦਹਾਲੀ ਦਾ ਜ਼ਿਕਰ ਕਰਨ ਵਿਚ ਅਸਫ਼ਲਤਾ ਵਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿੱਧ ਕਰਦਾ ਹੈ ਕਿ ਕੇਂਦਰ ਦੀ ਅਰਥ ਵਿਵਸਥਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਜਿੱਠਣ ਦਾ ਕੋਈ ਇਰਾਦਾ ਨਹੀਂ ਹੈ। ਬਜਟ ਨੇ ਹਰੇਕ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ।
Photo
ਜਿਹੜੇ ਕਿਸਾਨ ਕਰਜ਼ੇ ਅਤੇ ਪਰਾਲੀ ਸਾੜਨ ਦੀ ਚੁਣੌਤੀ ਦੇ ਟਾਕਰੇ ਲਈ ਕੋਈ ਹੱਲ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਪੱਲੇ ਨਿਰਾਸ਼ਾ ਪਈ। ਉਦਯੋਗ ਅਣਗੌਲੇ ਗਏ, ਨੌਜਵਾਨ ਵੀ ਹਨੇਰੇ ਵਿੱਚੋਂ ਆਸ ਦੀ ਕਿਰਨ ਦੇਖਦਾ ਰਹਿ ਗਿਆ ਜਿਸ ਨੂੰ ਸਰਕਾਰ ਨੇ ਹੋਰ ਵੀ ਹਨੇਰੇ ਵਿੱਚ ਸੁੱਟ ਦਿੱਤਾ।