
ਈਰਾਨ ਵਿਚ ਦੋ ਸਮਲਿੰਗੀ ਨੌਜਵਾਨਾਂ ਨੂੰ ਦਿਤੀ ਗਈ ਫਾਂਸੀ
ਦੁਬਈ, 1 ਫ਼ਰਵਰੀ : ਈਰਾਨ ਵਿਚ ਉਨ੍ਹਾਂ 2 ਸਮਲਿੰਗੀ ਨੌਜਵਾਨਾਂ ਨੂੰ ਫਾਂਸੀ ਦੇ ਦਿਤੀ ਗਈ, ਜੋ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿਤੇ ਜਾਣ ਅਤੇ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬੀਤੇ 6 ਸਾਲਾਂ ਤੋਂ ਜੇਲ ਵਿਚ ਬੰਦ ਸਨ। ਇਕ ਮਨੁੱਖੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿਤੀ। ਸਮਲਿੰਗੀ, ਲਿੰਗੀ ਅਤੇ ਟਰਾਂਸਜੈਂਡਰ ਲੋਕਾਂ ਲਈ ਦੁਨੀਆਂ ਦੇ ਸੱਭ ਤੋਂ ਵੱਧ ਦਮਨਕਾਰੀ ਦੇਸ਼ਾਂ ਵਿਚੋਂ ਇਕ ਮੰਨੇ ਜਾਣ ਵਾਲੇ ਈਰਾਨ ਵਿਚ ਸਮਲਿੰਗਤਾ ਅਪਰਾਧ ਹੈ।
ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ੀ ਏਜੰਸੀ ਵਲੋਂ ਐਤਵਾਰ ਨੂੰ ਪ੍ਰਕਾਸ਼ਤ ਰਿਪੋਰਟ ਮੁਤਾਬਕ ਫਾਂਸੀ ਦਿਤੇ ਗਏ 2 ਨੌਜਵਾਨਾਂ ਦੀ ਪਛਾਣ ਮੇਹਰਦਾਦ ਕਰੀਮਪੁਰ ਅਤੇ ਫ਼ਰੀਦ ਮੁਹੰਮਦੀ ਵਜੋਂ ਹੋਈ ਹੈ। ਰਿਪੋਰਟ ਦੇ ਅਨੁਸਾਰ, ਦੋਵਾਂ ਨੌਜਵਾਨਾਂ ਨੂੰ ‘ਦੋ ਆਦਮੀਆਂ ਨੂੰ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕਰਨ’ ਦੇ ਜੁਰਮ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਰਾਜਧਾਨੀ ਤਹਿਰਾਨ ਤੋਂ ਲਗਭਗ 500 ਕਿਲੋਮੀਟਰ ’ਤੇ ਸਥਿਤ ਮਰਾਗੇ ਸ਼ਹਿਰ ਦੀ ਇਕ ਜੇਲ ਵਿਚ ਫਾਂਸੀ ਦਿਤੀ ਗਈ।
ਮਨੁੱਖੀ ਅਧਿਕਾਰ ਸਮੂਹ ਨੇ ਦਸਿਆ ਕਿ ਪਿਛਲੇ ਸਾਲ ਜੁਲਾਈ ਵਿਚ ਮਰਾਗੇ ਵਿਚ 2 ਨੌਜਵਾਨਾਂ ਨੂੰ ਇਸੇ ਅਪਰਾਧ ਲਈ ਫਾਂਸੀ ਦਿਤੀ ਗਈ ਸੀ। ਸਮੂਹ ਅਨੁਸਾਰ ਪਿਛਲੇ ਸਾਲ ਈਰਾਨ ਵਿਚ ਕੁੱਲ 299 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ ਸੀ। ਇਨ੍ਹਾਂ ਵਿਚੋਂ ਚਾਰ ਦੋਸ਼ੀ ਅਜਿਹੇ ਸਨ, ਜਿਨ੍ਹਾਂ ਨੂੰ ਛੋਟੀ ਉਮਰ ਵਿਚ ਕੀਤੇ ਅਪਰਾਧਾਂ ਲਈ ਸਜ਼ਾ ਸੁਣਾਈ ਗਈ ਸੀ। ਈਰਾਨੀ ਕਾਨੂੰਨ ਤਹਿਤ ਜਿਨਸੀ ਸ਼ੋਸ਼ਣ, ਬਲਾਤਕਾਰ, ਹਥਿਆਰਬੰਦ ਲੁੱਟ ਅਤੇ ਕਤਲ ਜਿਹੇ ਅਪਰਾਧਾਂ ਵਿਚ ਸ਼ਾਮਲ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਤੀ ਜਾ ਸਕਦੀ ਹੈ। (ਏਜੰਸੀ)