
ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ
ਮੁਕੇਰੀਆਂ: ਹੁਸ਼ਿਆਰਪੁਰ ਤੋਂ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਮੁਕੇਰੀਆਂ ਨਜ਼ਦੀਕ ਪੈਂਦੇ ਪਿੰਡ ਨੌਸ਼ਿਹਰਾ ਪੱਤਣ ਵਿਖੇ ਕੁਝ ਦਿਨ ਪਹਿਲਾਂ ਨਸ਼ੇ ਦੇ ਆਦੀ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਮਿਲਣ ’ਤੇ ਆਪਣੀ ਮਾਂ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : 7 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਮਾਂ ਬੋਲੀ ਦਿਹਾੜੇ ਸੰਬੰਧੀ ਵਿਧਾਇਕਾਂ ਨਾਲ ਵਿਚਾਰ ਚਰਚਾ
ਪਰਿਵਾਰਕ ਮੈਂਬਰਾਂ ਨੇ ਜ਼ਖਮੀ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਔਰਤ ਨੇ ਅੱਜ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਨੌਸ਼ਿਹਰਾ ਪੱਤਣ ਦਾ ਵਸਨੀਕ ਰੌਸ਼ਨ ਪੁੱਤਰ ਜਗੀਰ ਮਸੀਹ ਨਸ਼ੇ ਦਾ ਆਦੀ ਸੀ ਅਤੇ ਕੋਈ ਕੰਮ ਨਹੀਂ ਕਰਦਾ ਸੀ। ਉਸ ਦੇ ਪਿਤਾ ਜਗੀਰ ਮਸੀਹ ਦੀ ਮੌਤ ਹੋ ਜਾਣ ਕਾਰਨ ਉਸ ਦੀ ਮਾਤਾ ਮ੍ਰਿਤਕ ਜੋਗਿੰਦਰੋ (50) ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ।
ਰੌਸ਼ਨ ਅਕਸਰ ਨਸ਼ੇ ਕਰਨ ਲਈ ਆਪਣੀ ਮਾਂ ਕੋਲੋਂ ਪੈਸਿਆਂ ਦੀ ਮੰਗ ਖ਼ਾਤਰ ਉਸ ਨਾਲ ਕਾਫ਼ੀ ਝਗੜਾ ਕਰਦਾ ਰਹਿੰਦਾ ਸੀ ਅਤੇ ਆਪਣੀ ਮਾਂ ਦੀ ਕੁੱਟਮਾਰ ਵੀ ਕਰਦਾ ਸੀ। ਰੌਸ਼ਨ ਨੇ ਪੈਸੇ ਨਾ ਮਿਲਣ ’ਤੇ ਗੰਡਾਸੀ ਨੁਮਾ ਤੇਜ਼ਧਾਰ ਹਥਿਆਰ ਨਾਲ ਬੀਤੇ ਦਿਨੀਂ ਆਪਣੀ ਮਾਂ ’ਤੇ ਹਮਲਾ ਕਰ ਦਿੱਤਾ ਸੀ। ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਬੁੱਧਵਾਰ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।