
ਭ੍ਰਿਸ਼ਟ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਨੇ ਕੀਤਾ ਐਲਾਨ
PRTC Bus Strike News: ਪੰਜਾਬ ’ਚ ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲਿਆਂ ਨੂੰ ਇਕ ਵਾਰ ਫਿਰ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਭਲਕੇ ਪੀਆਰਟੀਸੀ-ਪਨਬੱਸ ਦੇ ਸਾਰੇ ਡੀਪੂ ਬੰਦ ਰਹਿਣਗੇ। ਪੀਆਰਟੀਸੀ ਚੰਡੀਗੜ੍ਹ ਡੀਪੂ ਦੇ ਕੱਚੇ ਮੁਲਾਜ਼ਮਾਂ ਵਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਰਸਤੇ ਵਿਚ ਗਈਆਂ ਬੱਸਾਂ ਡੀਪੂ ਵਿਚ ਵਾਪਸ ਆ ਰਹੀਆਂ ਹਨ ਅਤੇ ਜਿਹੜੀਆਂ ਬੱਸਾਂ ਡੀਪੂ ਵਿਚ ਖੜ੍ਹੀਆਂ ਹਨ, ਉਹ ਨਹੀਂ ਚੱਲਣਗੀਆਂ।
ਚੰਡੀਗੜ੍ਹ ਡੀਪੂ ਦੇ ਮੁਲਾਜ਼ਮਾਂ ਨੇ ਦਸਿਆ 100 ਤੋਂ ਵੱਧ ਬੱਸਾਂ ਬੰਦ ਕਰ ਦਿਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਚੰਡੀਗੜ੍ਹ ਡੀਪੂ ਦੇ ਜਨਰਲ ਮੈਨੇਜਰ ਵਲੋਂ ਭ੍ਰਿਸ਼ਟ ਅਧਿਕਾਰੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਇਸ ਦੀ ਬਜਾਏ ਉਨ੍ਹਾਂ ਦਾ ਪੱਖ ਪੂਰਿਆ ਜਾ ਰਿਹਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਇਲਾਵਾ ਸਮਾਂ-ਸਾਰਣੀ ਵਿਚ ਸਰਕਾਰੀ ਬੱਸਾਂ ਦੀ ਬਜਾਏ ਪ੍ਰਾਈਵੇਟ ਬੱਸਾਂ ਦਾ ਪੱਖ ਪੂਰਿਆ ਜਾ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਵਾਲੀਆਂ ਬੱਸਾਂ ਦੇ ਡਰਾਈਵਰਾਂ ਵਲੋਂ ਕੰਡਕਟਰਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨਾਲ ਮਾੜਾ ਵਰਤਾਅ ਕੀਤਾ ਜਾਂਦਾ ਹੈ। ਜਨਰਲ ਮੈਨੇਜਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤਕ ਕਿਲੋਮੀਟਰ ਵਾਲੀਆਂ ਬੱਸਾਂ ਦੇ ਟੈਂਡਰ ਰੱਦ ਨਹੀਂ ਹੁੰਦੇ, ਉਦੋਂ ਤਕ ਡੀਪੂ ਬੰਦ ਰੱਖਿਆ ਜਾਵੇਗਾ। ਮੁਲਾਜ਼ਮਾਂ ਨੇ ਭਲਕੇ ਜਨਰਲ ਮੈਨੇਜਰ ਦੀ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਵਿਚ 52 ਤੋਂ ਵੱਧ ਸਵਾਰੀਆਂ ਨਾ ਚੜ੍ਹਾਏ ਜਾਣ ਦੇ ਫ਼ੈਸਲੇ ਤੋਂ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਨੌਕਰੀਪੇਸ਼ਾ ਅਤੇ ਹੋਰ ਕੰਮਕਾਰ ਲਈ ਜਾਣ ਵਾਲੇ ਲੋਕਾਂ ਨੂੰ ਕਈ-ਕਈ ਘੰਟੇ ਸੜਕਾਂ ’ਤੇ ਖੁਆਰ ਹੋਣਾ ਪੈਂਦਾ ਹੈ।
(For more Punjabi news apart from PRTC Bus Strike News in Punjabi, stay tuned to Rozana Spokesman)