
ਲੁੱਟ ਨੂੰ ਰੋਕਣ ਲਈ ਸਰਕਾਰ ਤੋਂ ਕਾਰਵਾਈ ਦੀ ਮੰਗ
ਡੇਰਾਬੱਸੀ: ਤਹਿਸੀਲ ਵਿਚ ਅਰਜ਼ੀ ਨਵੀਸਾਂ ਵਲੋਂ ਰਜਿਸਟਰੀ ਟਾਈਪਿੰਗ ਦੇ ਰੇਟ ਸਰਕਾਰ ਵੱਲੋਂ ਤੈਅ ਕੀਤੇ ਰੇਟਾਂ ਤੋਂ 5 ਗੁਣਾ ਤੱਕ ਵਸੂਲੇ ਜਾ ਰਹੇ ਹਨ। ਇਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਨੇ ਪ੍ਰਸ਼ਾਸਨ ਦੀ ਨੱਕ ਹੇਠ ਹੋ ਰਹੀ ਇਸ ਲੁੱਟ ਨੂੰ ਰੋਕਣ ਲਈ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਰਜਿਸਟਰੀ ਟਾਈਪਿੰਗ ਦੀ ਫੀਸ 500 ਰੁਪਏ ਰੱਖੀ ਗਈ ਹੈ, ਜਦਕਿ ਇਸ ਦੇ ਉਲਟ 2500 ਤੋਂ 3500 ਰੁਪਏ ਤੱਕ ਫੀਸ ਵਸੂਲੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਐਕਸਪੋਰਟ ਕੌਂਸਲ ’ਚ ਭਾਰਤੀ ਮੂਲ ਦੇ ਦੋ ਮਾਹਿਰ ਸ਼ਾਮਲ
ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਲੋਕ ਇਸ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਨੇ ਤਹਿਸੀਲ ਦੀ ਹਦੂਦ ਵਿਚ ਬੋਰਡ ਲਗਾ ਕੇ ਦਰਾਂ ਤੈਅ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ ਪਰ ਕੋਈ ਵੀ ਉਪਰੋਕਤ ਹਦਾਇਤ ਦੀ ਪਾਲਣਾ ਨਹੀਂ ਕਰ ਰਿਹਾ ਅਤੇ ਲਿਖਤੀ ਫੀਸ ਵਾਧੂ ਵਸੂਲੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਨਵੀਸਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਉਹ ਸਰਕਾਰ ਵੱਲੋਂ ਨਿਰਧਾਰਿਤ ਫੀਸਾਂ ਹੀ ਲੈਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤਹਿਸੀਲ ਦੇ ਕੰਪਲੈਕਸ ਵਿਚ ਫਲੈਕਸ ਲਗਾਏ ਜਾਣ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ MIT ਪ੍ਰੋਫੈਸਰ ਹਰੀ ਬਾਲਕ੍ਰਿਸ਼ਨਨ ਨੂੰ ਮਿਲਿਆ ਮਾਰਕੋਨੀ ਪੁਰਸਕਾਰ
ਐਸਡੀਐਮ ਡੇਰਾਬੱਸੀ ਹਿਮਾਸ਼ੂ ਗੁਪਤਾ ਨੇ ਦੱਸਿਆ ਕਿ ਕੋਈ ਵੀ ਬਿਨੈਕਾਰ ਸਰਕਾਰ ਵੱਲੋਂ ਨਿਰਧਾਰਤ ਰੇਟ ਤੋਂ ਵੱਧ ਫੀਸ ਨਹੀਂ ਲੈ ਸਕਦਾ, ਜੇਕਰ ਕੋਈ ਵੱਧ ਵਸੂਲੀ ਕਰਦਾ ਹੈ ਤਾਂ ਸ਼ਿਕਾਇਤ ਮਿਲਣ ’ਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਨੇ ਦੱਸਿਆ ਕਿ ਉਹਨਾਂ ਨੇ ਨਿਰਧਾਰਤ ਫੀਸ ਵਸੂਲਣ ਲਈ ਤਹਿਸੀਲ ਦਫ਼ਤਰ ਦੇ ਕਮਰੇ ਵਿਚ ਫਲੈਕਸ ਬੋਰਡ ਲਗਾ ਦਿੱਤਾ ਹੈ। ਜਲਦੀ ਹੀ ਉਕਤ ਹਦਾਇਤਾਂ ਦਾ ਬੋਰਡ ਬਾਹਰ ਵੀ ਲਗਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।