
ਸਰਪੰਚ ਬੋਲਿਆ- ਅਸੀਂ 100 ਫ਼ੀ ਸਦੀ ਪੈਸਾ ਪਿੰਡ ’ਤੇ ਲਾਉਂਦੇ ਹਾਂ...’
ਮਾਲੇਰਕੋਟਲਾ ਦਾ ਪਿੰਡ ਤੋਲੇਵਾਲ ਪੂਰੇ ਪੰਜਾਬ ਵਿਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿਸ ਦੀ ਆਬਾਦੀ 1400 ਤੋਂ 1500 ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਪਿੰਡ ਤੋਲੇਵਾਲ ’ਚ ਪਹੁੰਚੀ। ਜਿਥੇ ਦੇ ਸਰਪੰਚ, ਪੰਚਾਇਤ ਤੇ ਪਿੰਡ ਵਾਸੀਆਂ ਨੇ ਮਿਲ ਕੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿਤੀ ਹੈ। ਪਿੰਡ ਦੇ ਸਰਪੰਚ ਨੇ ਪਿੰਡ ਵਿਚ ਵੱਖਰੀ ਕਿਸਮ ਦੀ ਸੱਥ ਬਣਾਈ ਹੈ, ਗਲੀਆਂ ਵਿਚ ਸੀਸੀਟੀਵੀ ਕੈਮਰੇ ਤੇ ਸਟਰੀਟ ਲਾਈਟਾਂ ਲਗਵਾਈਆਂ ਹਨ।
photo
ਪਿੰਡ ਦੇ ਸਰਪੰਚ ਨੇ ਸਾਰੇ ਪਿੰਡ ਲਈ ਮੁਫ਼ਤ ਵਾਈਫ਼ਾਈ ਇਟਰਨੈੱਟ ਦਾ ਪ੍ਰਬੰਧ ਕੀਤਾ ਹੈ ਤੇ ਸਾਰੇ ਪਿੰਡ ਨੂੰ ਮੁਫ਼ਤ ਇਟਰਨੈੱਟ ਮਿਲਦਾ ਹੈ। ਪਿੰਡ ਦੇ ਸਰਪੰਚ ਜਗਬੀਰ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਵਿਚ ਪਹਿਲਾਂ ਕੋਈ ਵੀ ਸੱਥ ਨਹੀਂ ਸੀ ਜਿੱਥੇ ਪਿੰਡ ਦੇ ਲੋਕ ਮਿਲ ਕੇ ਬੈਠ ਸਕਣ। ਉਨ੍ਹਾਂ ਕਿਹਾ ਕਿ ਇਸੇ ਚੀਜ਼ ਨੂੰ ਮੁੱਖ ਰਖਦਿਆਂ ਮੈਂ ਸੋਚਿਆ ਕਿ ਪਿੰਡ ਵਿਚ ਇਕ ਸੱਥ ਬਣਾਈ ਜਾਵੇ, ਸੱਥ ਵਿਚ ਬੈਠਣ ਲਈ ਵਧੀਆ ਸੋਫ਼ੇ ਹੋਣ,
ਐਲਈਡੀ ਲੱਗੀ ਹੋਵੇ ਤੇ ਵਧੀਆ-ਵਧੀਆ ਲਾਈਟਾਂ ਲੱਗੀਆਂ ਹੋਣ ਅਤੇ ਜੋ ਗਰਮੀਆਂ ਵਿਚ ਠੰਢੀ ਤੇ ਸਰਦੀਆਂ ਨਿੱਘੀ ਹੋਵੇ। ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰਿਆਂ ਨੇ ਮਿਲ ਕੇ ਕੁੱਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਤਿਆਰ ਕਰਨ ਲਈ ਅਸੀਂ ਯਮੁਨਾਨਗਰ ਤੋਂ ਕਾਰੀਗਰ ਬੁਲਾਇਆ ਅਤੇ ਇਕ ਤੋਂ ਸਵਾ ਮਹੀਨੇ ਵਿਚ ਇਹ ਤਿਆਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਤਿਆਰ ਕਰਨ ਲਈ 8 ਲੱਖ ਰੁਪਏ ਲੱਗ ਗਏ ਹਨ।
ਉਨ੍ਹਾਂ ਕਿਹਾ ਕਿ ਤਿਆਰ ਕੀਤੇ ਇਸ ਬਾਂਸ ਦੇ ਪ੍ਰਾਜੈਕਟ ਦੀ ਲਾਈਫ਼ 25 ਤੋਂ 30 ਸਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਥ ਨੂੰ ਸਵੇਰੇ 7 ਵਜੇ ਖੋਲ ਦਿੰਦੇ ਹਾਂ ਤੇ ਰਾਤ 9 ਵਜੇ ਬੰਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਿਚ ਮੁਫ਼ਤ ਇਨਟਰਨੈੱਟ ਦੀ ਸਹੂਲਤ ਵੀ ਦਿਤੀ ਹੈ, ਜੋ ਕਿ ਪਿੰਡ ਦੇ ਹਰ ਇਕ ਵਿਅਕਤੀ ਨੂੰ ਮੁਫ਼ਤ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਦੀਆਂ ਗਲੀਆਂ ਵਿਚ ਵਧੀਆ ਕਿਸਮ ਦੀਆਂ ਸਟਰੀਟ ਲਾਈਆਂ ਲਗਵਾਈਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਪਿੰਡ ਦੀਆਂ ਗਲੀਆਂ ਵੀ ਵਧੀਆ ਬਣਵਾ ਰਹੇ ਹਾਂ ਜਿਸ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਵਲੋਂ ਜਿੰਨਾ ਵੀ ਪੈਸਾ ਆਉਂਦਾ ਹੈ ਉਹ ਸਾਰਾ ਪਿੰਡ ’ਤੇ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਪਾਣੀ ਦਾ ਇਕ ਪਲਾਂਟ ਵੀ ਲਗਵਾਇਆ ਹੈ ਜਿਸ ਵਿਚ ਫ਼ਿਲਟਰ ਹੋ ਕੇ ਪਾਣੀ ਡਰੇਨ ਵਿਚ ਪੈਂਦਾ ਹੈ ਤੇ ਸਾਰੇ ਪਿੰਡ ਨੂੰ ਸਾਫ਼ ਸੁਥਰਾ ਪੀਣ ਲਈ ਪਾਣੀ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਿਚ ਇਕ ਜਿੰਮ ਵੀ ਖੋਲ੍ਹਾਂਗੇ ਜਿਸ ਵਿਚ ਪਿੰਡ ਦੇ ਨੌਜਵਾਨ ਜਿੰਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਿਚ ਡੇਢ ਕਿੱਲੇ ਵਿਚ ਇਕ ਗਰਾਊਂਡ ਤਿਆਰ ਕਰਵਾ ਰਹੇ ਹਾਂ ਜਿਸ ਵਿਚ ਵੱਖ-ਵੱਖ ਖੇਡਾਂ ਖੇਡੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਨੇ ਸਹਿਮਤੀ ਵਿਚ ਮੈਨੂੰ ਸਰਪੰਚ ਚੁਣਿਆ ਹੈ ਤੇ ਮੈਂ ਪਿੰਡ ਵਾਸੀਆਂ ਵਲੋਂ ਰੱਖੀਆਂ ਉਮੀਦਾਂ ਉਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਤੇ ਪਿੰਡ ਦਾ ਅੱਗੇ ਵੀ ਵਿਕਾਸ ਕਰਦਾ ਰਹਾਂਗਾ।
photo
ਸਾਬਕਾ ਸਰਪੰਚ ਨੇ ਕਿਹਾ ਕਿ ਮੌਜੂਦਾ ਸਰਪੰਚ ਜਗਬੀਰ ਸਿੰਘ ਨੇ ਸ਼ੁਰੂ ਤੋਂ ਹੀ ਪਿੰਡ ਕੇ ਚੰਗੇ ਕੰਮਾਂ ਵਿਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜਗਬੀਰ ਸਿੰਘ ਜੋ ਪਿੰਡ ਲਈ ਕੰਮ ਕਰ ਰਿਹਾ ਹੈ ਉਸ ਤੋਂ ਸਾਰਾ ਪਿੰਡ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਜਗਬੀਰ ਸਿੰਘ ਬਿਨਾਂ ਕਿਸੇ ਲਾਲਚ ਦੇ ਪਿੰਡ ਦਾ ਵਿਕਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਪਿੰਡ ਦੇ ਵਿਕਾਸ ਲਈ ਪਹਿਲਾਂ ਆਪਣੀ ਜੇਬ੍ਹ ’ਚੋਂ ਵੀ ਪੈਸੇ ਖ਼ਰਚ ਕੀਤੇ ਹਨ।