
NDPS ਐਕਟ ਤਹਿਤ ਜਸਵੀਰ ਉੱਤੇ ਦਰਜ ਹਨ ਕਈ ਮਾਮਲੇ
Jalandhar News: ਪੰਜਾਬ 'ਚ ਨਸ਼ਾ ਤਸਕਰਾਂ ਖਿਲਾਫ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਅਤੇ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਦੀ ਕਾਫ਼ੀ ਚਰਚਾ ਹੈ। ਜਲੰਧਰ ਦੇ ਫ਼ਿਲੌਰ 'ਚ ਨਸ਼ਿਆਂ ਲਈ ਮਸ਼ਹੂਰ ਪਿੰਡ ਖ਼ਾਨਪੁਰ 'ਚ ਅੱਜ ਐਤਵਾਰ ਸਵੇਰੇ ਦਿਹਾਤੀ ਪੁਲਿਸ ਦੀ ਟੀਮ ਨੇ ਨਸ਼ਾ ਤਸਕਰ ਜਸਬੀਰ ਸ਼ੀਰਾ ਦੇ ਘਰ ਨੂੰ ਬੁਲਡੋਜ਼ਰ ਨਾਲ ਢਹਿ-ਢੇਰੀ ਕਰ ਦਿੱਤਾ।
ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਸੀ। ਪੁਲਿਸ ਦੀ ਮੌਜੂਦਗੀ ਵਿੱਚ ਨਸ਼ਾ ਤਸਕਰੀ ਵੱਲੋਂ ਬਣਾਈ ਗਈ ਜਾਇਦਾਦ ਨੂੰ ਢਾਹ ਦਿੱਤਾ ਗਿਆ। ਇਸ ਕਾਰਵਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੀਲਾ ਪੰਜਾ ਲੈ ਕੇ ਪਹੁੰਚੇ ਅਧਿਕਾਰੀ ਮਕਾਨ ਢਾਹੁਣ ਦੇ ਹੁਕਮ ਦੇ ਰਹੇ ਹਨ। ਨਸ਼ਾ ਤਸਕਰਾਂ ਖਿਲਾਫ ਇਸ ਕਾਰਵਾਈ ਦੀ ਇਸ ਸਮੇਂ ਪੂਰੇ ਪੰਜਾਬ 'ਚ ਚਰਚਾ ਹੋ ਰਹੀ ਹੈ। ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਕਾਰਵਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ 'ਤੇ 4 ਮਾਰਚ ਨੂੰ ਸੁਣਵਾਈ ਹੋਣੀ ਹੈ।
ਜਲੰਧਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੋਂ ਬਾਅਦ 'War on Drug' ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਬਹੁਤ ਸਪੱਸ਼ਟ ਨੀਤੀ ਹੈ ਕਿ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਜੇਕਰ ਉਕਤ ਪੈਸੇ ਨਾਲ ਕੋਈ ਜਾਇਦਾਦ ਬਣਾਈ ਗਈ ਤਾਂ ਉਸ ਵਿਰੁੱਧ ਤੁਰਤ ਪ੍ਰਭਾਵ ਨਾਲ ਕਬਜ਼ਿਆਂ ਦੀ ਕਾਰਵਾਈ ਕੀਤੀ ਜਾਵੇਗੀ।
ਐੱਸਐੱਸਪੀ ਖੱਖ ਨੇ ਅੱਗੇ ਦੱਸਿਆ ਕਿ ਸ਼ੀਰਾ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਉਸ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰ ਕੇ ਇੱਥੇ ਇੱਕ ਘਰ ਬਣਾਇਆ ਸੀ। ਜਦੋਂ ਇਸ ਸਬੰਧੀ ਸਾਡੀ ਪੁਲਿਸ ਨਾਲ ਬੀਡੀਪੀਓ ਨੇ ਸੰਪਰਕ ਕੀਤਾ ਤਾਂ ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਤਿਆਰੀ ਕਰ ਲਈ।