
ਬਠਿੰਡਾ, 29 ਜੁਲਾਈ (ਸੁਖਜਿੰਦਰ ਮਾਨ) : ਨਰਮਾ ਪੱਟੀ 'ਚ ਚਿੱਟੀ ਮੱਖੀ ਨੇ ਫਿਰ ਸਿਰ ਚੁੱਕ ਲਿਆ ਹੈ ਜਿਸ ਕਾਰਨ ਖੇਤੀਬਾੜੀ ਵਿਭਾਗ ਲਈ ਚਿੰਤਾ ਖੜੀ ਹੋ ਗਈ ਹੈ।
ਬਠਿੰਡਾ, 29 ਜੁਲਾਈ (ਸੁਖਜਿੰਦਰ ਮਾਨ) : ਨਰਮਾ ਪੱਟੀ 'ਚ ਚਿੱਟੀ ਮੱਖੀ ਨੇ ਫਿਰ ਸਿਰ ਚੁੱਕ ਲਿਆ ਹੈ ਜਿਸ ਕਾਰਨ ਖੇਤੀਬਾੜੀ ਵਿਭਾਗ ਲਈ ਚਿੰਤਾ ਖੜੀ ਹੋ ਗਈ ਹੈ। ਆਉਣ ਵਾਲੇ ਦਿਨਾਂ 'ਚ ਮੌਸਮ ਚਿੱਟੀ ਮੱਖੀ ਦੇ ਅਨੁਕੂਲ ਰਹਿਣ ਕਾਰਨ ਖੇਤੀਬਾੜੀ ਵਿਭਾਗ ਨੇ ਅਪਣੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਕੇ ਉਨ੍ਹਾਂ ਨੂੰ ਛੁੱਟੀ ਵਾਲੇ ਦਿਨਾਂ 'ਚ ਵੀ ਪਿੰਡਾਂ ਵਿਚ ਪਹੁੰਚਣ ਦੇ ਆਦੇਸ਼ ਦਿਤੇ ਹਨ। ਵਿਭਾਗ ਨੇ ਕਿਸਾਨਾਂ ਨੂੰ ਸਪਰੇਅ ਕਰਨ ਦੀ ਸਲਾਹ ਦੇਣੀ ਸ਼ੁਰੂ ਕਰ ਦਿਤੀ ਹੈ। ਮਾਹਰਾਂ ਨੇ ਪਿਛਲੇ ਕੁੱਝ ਦਿਨਾਂ ਤੋਂ ਮਾਲਵਾ ਖੇਤਰ 'ਚ ਬਾਰਸ਼ਾਂ ਦੀ ਘਾਟ ਨੂੰ ਵੇਖਦਿਆਂ ਕਿਸਾਨਾਂ ਨੂੰ ਤੁਰਤ ਨਰਮੇ ਦੀ ਫ਼ਸਲ ਨੂੰ ਪਾਣੀ ਦੇਣ ਲਈ ਕਿਹਾ ਹੈ।
ਪਾਣੀ ਦੀ ਘਾਟ ਕਾਰਨ ਤਰਿੱਪ ਨਾਂ ਦੀ ਬੀਮਾਰੀ ਵੀ ਨਰਮੇ ਦੇ ਬੂਟੇ ਉਪਰ ਦਿਸਣ ਲੱਗੀ ਹੈ।
ਸੂਤਰਾਂ ਅਨੁਸਾਰ ਨਰਮਾ ਬੈਲਟ ਦੇ ਹਰ ਜ਼ਿਲ੍ਹੇ ਦੇ ਕੁੱਝ ਖੇਤਰਾਂ 'ਚ ਚਿੱਟੀ ਮੱਖੀ ਆਰਥਕ ਕਗਾਰ ਤੋਂ ਉਪਰ ਪੁੱਜ ਗਈ ਹੈ। ਪਿਛਲੇ ਸਾਲ ਨਰਮੇ ਦੀ ਚੰਗੀ ਫ਼ਸਲ ਹੋਣ ਸਦਕਾ ਇਸ ਵਾਰ ਇਸ ਹੇਠਲੇ ਰਕਬੇ ਵਿਚ ਵੀ ਕਰੀਬ ਇਕ ਲੱਖ ਹੈਕਟੇਅਰ ਦਾ ਵਾਧਾ ਹੋਇਆ ਹੈ। ਦਖਣੀ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ 'ਚ 3 ਲੱਖ 82 ਹਜ਼ਾਰ ਹੈਕਟੇਅਰ ਖੇਤਰ ਵਿਚ ਨਰਮੇ ਦੀ ਬੀਜਾਂਦ ਹੋਈ ਹੈ। ਅੱਜ ਅਬੋਹਰ 'ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਖੇਤੀ ਮਾਹਰਾਂ ਦੀ ਬਣੀ ਅੰਤਰਰਾਜੀ ਸਲਾਹਕਾਰ ਤੇ ਮੁਲਾਂਕਣ ਕੌਂਸਲ ਦੀ ਪੰਜਵੀਂ ਮੀਟਿੰਗ ਹੋਈ। ਇਹ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿਛਲੇ ਕੁੱਝ ਦਿਨਾਂ ਤੋਂ ਚਿੱਟੀ ਮੱਖੀ ਦਾ ਹਮਲਾ ਵਧ ਰਿਹਾ ਹੈ। ਕਈ ਖੇਤਰਾਂ 'ਚ ਇਹ ਅਪਣੇ ਆਰਥਕ ਪੱਧਰ 6 ਪ੍ਰਤੀ ਪੱਤਾ ਤੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ। ਅਧਿਕਾਰੀਆਂ ਤੇ ਮਾਹਰਾਂ ਨੇ ਕਿਸਾਨਾਂ ਨੂੰ ਹੁਣ 4 ਪ੍ਰਤੀ ਪੱਤਾ ਚਿੱਟੀ ਮੱਖੀ ਮਿਲਣ 'ਤੇ ਤੁਰਤ ਸਪਰੇਅ ਕਰਨ ਦੀ ਸਲਾਹ ਦਿਤੀ ਹੈ।
ਖੇਤੀਬਾੜੀ ਮਾਹਰਾਂ ਨੇ ਪਹਿਲਾਂ 6 ਪ੍ਰਤੀ ਪੱਤਾ ਚਿੱਟੀ ਮੱਖੀ ਪਹੁੰਚਣ ਤਕ ਸਿਰਫ਼ ਨਿੰਮ ਦੀਆਂ ਸਪਰੇਆਂ ਕਰਨ ਦੀ ਸਲਾਹ ਦਿਤੀ ਸੀ। ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਕਾਟਨ ਡਾ. ਸੁਖਦੇਵ ਸਿੰਘ ਸਿੱਧੂ ਨੇ ਦਸਿਆ ਕਿ ਆਉਣ ਵਾਲੇ ਦੋ-ਤਿੰਨ ਹਫ਼ਤੇ ਚਿੱਟੀ ਮੱਖੀ ਦੇ ਵਧਣ ਫੁੱਲਣ ਲਈ ਹੋਰ ਢੁਕਵੇਂ ਹਨ। ਸਿੱਧੂ ਨੇ ਦਸਿਆ ਕਿ ਇਸ ਵੇਲੇ ਨਰਮੇ ਦੀ ਫ਼ਸਲ ਕਾਫ਼ੀ ਵਧੀਆ ਹੈ ਤੇ ਫ਼ਸਲ ਹੁਣ ਫੁੱਲਾਂ 'ਤੇ ਆ ਚੁੱਕੀ ਹੈ ਤੇ ਕਈ ਬੂਟਿਆਂ ਉਪਰ ਟੀਂਡੇ ਵੀ ਬਣ ਚੁੱਕੇ ਹਨ। ਇਸ ਦੀ ਨਿਗਰਾਨੀ ਹੁਣ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿਤੀ ਕਿ ਪਾਣੀ ਦੀ ਔੜ ਨੂੰ ਵੇਖਦਿਆਂ ਨਰਮੇ ਦੀ ਫ਼ਸਲ ਨੂੰ ਪਤਲਾ-ਪਤਲਾ ਪਾਣੀ ਜ਼ਰੂਰ ਦੇਣ ਤੇ ਇਕ ਹਫ਼ਤੇ ਦੇ ਵਕਫ਼ੇ 'ਚ ਦੋ-ਤਿੰਨ ਵਾਰ ਪੋਟਾਸ਼ੀਅਮ ਨਾਈਟਰੋਜਨ ਦਾ ਛਿੜਕਾਅ ਵੀ ਕਰ ਦੇਣ।
ਕਿਸਾਨ ਘਬਰਾਉਣ ਨਾ, ਸੁਚੇਤ ਰਹਿਣ : ਡਾ. ਬੈਂਸ
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੀਰ ਸਿੰਘ ਬੈਂਸ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਨਹੀਂ ਸਗੋਂ ਸੁਚੈਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਕੁੱਝ ਖੇਤਰਾਂ ਨੂੰ ਛੱਡ ਕੇ ਇਹ ਖ਼ਤਰੇ ਵਾਲੇ ਪਾਸੇ ਨਹੀਂ ਹੈ। ਡਾ. ਬੈਂਸ ਨੇ ਦਸਿਆ ਕਿ ਖੇਤੀਬਾੜੀ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਕਿਸਾਨਾਂ ਤਕ ਪਹੁੰਚ ਕਰਨ ਲਈ ਕਿਹਾ ਹੈ।