
ਝਰਮੜੀ ਬੈਰੀਅਰ 'ਤੇ ਐਕਸਯੂਵੀ ਗੱਡੀ ਦੀ ਜਾਂਚ ਦੌਰਾਨ ਮਿਲਿਆ ਸੋਨਾ
ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਹਾਈਵੇ ਉੱਤੇ ਨਾਕਾਬੰਦੀ ਦੇ ਦੌਰਾਨ ਐਕਸਯੂਵੀ ਗੱਡੀ ਸਵਾਰ ਚਾਰ ਵਿਅਕਤੀਆਂ ਕੋਲੋ ਲਾਲੜੂ ਪੁਲਿਸ ਨੇ 26 ਕਿੱਲੋ ਸੋਨਾ ਬਰਾਮਦ ਕੀਤਾ ਹੈ । ਇਸ ਸੋਨੇ ਦਾ ਬਾਜ਼ਾਰੀ ਮੁੱਲ 7 ਕਰੋੜ 80 ਲੱਖ ਰੁਪਏ ਦੇ ਲਗਭਗ ਹੈ। ਮੁਬਾਰਕਪੁਰ ਡੀਐਸਪੀ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਮੋਹਾਲੀ ਦੇ ਐਸਪੀਡੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਪੰਜਾਬ-ਹਰਿਆਣਾ ਹੱਦ ਉੱਤੇ ਝਰਮੜੀ ਦੇ ਕੋਲ ਲਾਲੜੂ ਥਾਣਾ ਮੁਖੀ ਗੁਰਚਰਣ ਸਿੰਘ ਦੀ ਅਗਵਾਈ ਵਿੱਚ ਐਸਆਈ ਜਸਵਿੰਦਰ ਸਿੰਘ ਦੇ ਨਾਲ ਟੀਮ ਵਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਅੰਬਾਲਾ ਤੋਂ ਆਈ ਇੱਕ ਮਹਿੰਦਰਾ ਐਕਸਯੂਵੀ ਗੱਡੀ ਨੰਬਰ (ਕੇ.ਏ. 01 ਐਮਜੇ 2551) ਨੂੰ ਰੋਕਿਆ, ਜਿਸ ਵਿੱਚ ਚਾਰ ਵਿਅਕਤੀਆਂ ਸਵਾਰ ਸਨ। ਉਨ੍ਹਾਂ ਦੇ ਕਬਜ਼ੇ ਤੋਂ ਇੱਕ ਥੈਲੇ ਵਿੱਚ 26 ਕਿੱਲੋ ਸੋਨਾ ਬਰਾਮਦ ਕੀਤਾ, ਜੋ ਲੱਕੜੀ ਦੀ ਸੰਦੂਕੜੀ (ਬਕਸੇ) ਵਿੱਚ ਪੈਕ ਕੀਤਾ ਹੋਇਆ ਪਾਇਆ ਗਿਆ। ਇਹ ਸੋਨਾ ਏਅਰ ਕਾਰਗੋ ਸੇਵਾਵਾਂ ਦੇ ਜ਼ਰੀਏ ਇੱਥੇ ਸਾਊਥ ਅਫ਼ਰੀਕਾ ਤੋਂ ਆਇਆ ਸੀ।
ਇਸ ਸੋਨੇ ਨਾਲ ਜੁੜੇ ਕੋਈ ਵੀ ਦਸਤਾਵੇਜ ਜਾਂ ਬਿੱਲ ਕਾਰ ਸਵਾਰ ਵਿਅਕਤੀ ਪੇਸ਼ ਨਹੀਂ ਕਰ ਸਕੇ, ਜਿਸ ਕਾਰਨ ਚਾਰੇਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਇਸ ਸੋਨੇ ਨੂੰ ਜ਼ਬਤ ਕਰਦੇ ਹੋਏ ਲਾਲੜੂ ਪੁਲਿਸ ਨੇ ਡੀਡੀਆਰ ਦਰਜ ਕਰ ਲਈ ਹੈ। ਹਿਰਾਸਤ ਵਿਚ ਲਏ ਵਿਅਕਤੀਆਂ ਵਿੱਚ ਰਾਕੇਸ਼ ਕੁਮਾਰ ਵਾਸੀ ਪਿੰਡ ਕਰਡੀ ਜਿਲ੍ਹਾ ਹਮੀਰਪੁਰ, ਬਲਵੀਰ ਚੰਦ ਵਾਸੀ ਪਿੰਡ ਦੋਬਾਦ ਕਲਾਂ ਜ਼ਿਲ੍ਹਾ ਹਮੀਰਪੁਰ, ਸੰਜੈ ਕੁਮਾਰ ਵਾਸੀ ਪਿੰਡ ਬਲੀਆਨਾ ਜ਼ਿਲ੍ਹਾ ਕਾਂਗੜਾ ਅਤੇ ਜਸਵੰਤ ਸਿੰਘ ਵਾਸੀ ਪਿੰਡ ਗੇਵਾਡਾ ਜ਼ਿਲ੍ਹਾ ਜੋਧਪੁਰ ਰਾਜਸਥਾਨ ਸ਼ਾਮਿਲ ਹੈ। ਇਨਕਮ ਟੈਕਸ ਵਿਭਾਗ ਤੋਂ ਇਲਾਵਾ ਕਸਟਮ ਐਂਡ ਐਕਸਾਈਜ਼ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਵਰੁਣ ਸ਼ਰਮਾ ਨੇ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਦੇ ਬਾਅਦ ਹੁਣ ਤੱਕ 10 ਕਿੱਲੋ ਅਫੀਮ, 1 ਕਿੱਲੋ ਦੇ ਕਰੀਬ ਹੈਰੋਇਨ, 2000 ਤੋਂ ਵੱਧ ਗ਼ੈਰ-ਕਾਨੂੰਨੀ ਸ਼ਰਾਬ ਦੀਆਂ ਪੇਟੀਆਂ, 83 ਲੱਖ ਰੁਪਏ ਦੀ ਦੀ ਨਕਦੀ ਤੋਂ ਇਲਾਵਾ ਅੱਜ ਸੋਨੇ ਦੀ ਸਭ ਤੋਂ ਵੱਡੀ ਖੇਪ ਦੇ ਰੂਪ ਵਿੱਚ 26 ਕਿੱਲੋਗ੍ਰਾਮ ਸੋਨਾ ਫੜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸੋਨਾ ਹਮੀਰਪੁਰ ਵਿੱਚ ਪਹੁੰਚਾਇਆ ਜਾ ਰਿਹਾ ਸੀ, ਜਿਥੇ ਸੋਨੇ ਦੇ 20-20 ਗਰਾਮ ਜਾਂ ਇਸ ਤੋਂ ਵੱਧ ਭਾਰ ਦੇ ਬਿਸਕੁਟ ਤਿਆਰ ਕੀਤੇ ਜਾਂਦੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।