
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ।
ਸਰਦੂਲਗੜ੍ਹ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਸਮਾਜ ਸੇਵਾ ਕਰਦਿਆਂ ਕਈ ਲੋਕਾਂ ਦੀਆਂ ਵੀਡੀਓਜ਼ ਅਤੇ ਫੋਟੋਆਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਹਨਾਂ ਵੀਡੀਓਜ਼ ਵਿਚ ਸਿਆਸਤਦਾਨ ਜਾਂ ਕਲਾਕਾਰ ਤੇ ਆਮ ਲੋਕ ਗਰੀਬਾਂ ਨੂੰ ਰਾਸ਼ਨ ਵੰਡਦੇ ਨਜ਼ਰ ਆ ਰਹੇ ਹਨ ਅਤੇ ਉਹਨਾ ਨਾਲ ਫੋਟੋਆਂ ਖਿਚਵਾ ਕੇ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕਰ ਰਹੇ ਹਨ।
ਇਸ ਸਥਿਤੀ ਨੂੰ ਲੈ ਕੇ ਸਰਦੂਲਗੜ੍ਹ ਦੇ ਰਹਿਣ ਵਾਲੇ ਨੌਜਵਾਨ ਨੇ ਇਕ ਕਵਿਤਾ ਲਿਖੀ, ਜਿਸ ਦੇ ਨਜ਼ੀਏ ਉਸ ਨੇ ਦਾਨ ਕਰਨ ਵੇਲੇ ਫੋਟੋਆਂ ਖਿਚਵਾਉਣ ਵਾਲਿਆਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਅਪਣੀ ਕਵਿਤਾ ਵਿਚ ਮਨਪ੍ਰੀਤ ਸਿੰਘ ਨੇ ਲਿਖਿਆ ਹੈ।
“ਹੱਥ ਜੋੜ ਕੇ ਬੇਨਤੀ ਹੈ, ਗੱਲ ਮਾੜੀ-ਮਾੜੀ ਨਾ ਕਹਾਇਆ ਕਰੋ
ਕਿਸੇ ਨੂੰ ਕੁਝ ਦੇਣ ਵੇਲੇ ਫੋਟੋ ਨਾ ਖਿਚਵਾਇਆ ਕਰੋ.. -2
ਸ਼ੌਂਕ ਨਾਲ ਕੋਈ ਨਹੀਂ ਲੈਂਦਾ ਹੁੰਦਾ, ਇੱਥੇ ਸਭ ਦੀ ਕੋਈ ਮਜ਼ਬੂਰੀ ਐ
ਕਿਉਂ ਵਡਿਆਈਆਂ ਦੇ ਮਾਰਿਓ, ਤੁਹਾਡੀ ਫੋਟੋ ਖਿੱਚਣੀ ਜ਼ਿਆਦਾ ਜ਼ਰੂਰੀ ਐ
ਪਾ ਪਾ ਲਾਈਵ ਐਵੇਂ ਅੱਤ ਨਾ ਮਚਾਇਆ ਕਰੋ,
ਕਿਸੇ ਨੂੰ ਕੁਝ ਦੇਣ ਵੇਲੇ ਫੋਟੋ ਨਾ ਖਿਚਵਾਇਆ ਕਰੋ
ਤੁਹਾਡੇ ਦੁਆਰਾ ਖਿੱਚੀ ਫੋਟੋ ਜਦੋਂ ਇੰਟਰਨੈੱਟ ‘ਤੇ ਪੈ ਜਾਊਗੀ,
ਜਿਹੜੇ ਹਿੱਕਾਂ ਤਾਣਕੇ ਤੁਰਦੇ ਰਿਸ਼ਤੇਦਾਰੀਆਂ ‘ਚ , ਕੀ ਉਹਨਾਂ ਦੀ ਇੱਜ਼ਤ ਰਹਿ ਜਾਊਗੀ
ਇਹਨਾ ਨੂੰ ਕਰ ਕੇ ਜਲੀਲ ਅੱਧ ਮਰੇ ਨਾ ਬਣਾਇਆ ਕਰੋ
ਕਿਸੇ ਨੂੰ ਕੁਝ ਦੇਣ ਵੇਲੇ ਫੋਟੋ ਨਾ ਖਿਚਵਾਇਆ ਕਰੋ”।
ਦੱਸ ਦਈਏ ਕਿ ਇਸ ਨੌਜਵਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।