
ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਇਹ ਰੇਲਵੇ ਟਰੈਕ ਜਾਮ ਰੱਖਿਆ ਜਾਵੇਗਾ।
ਬਟਾਲਾ : ਅੱਜ ਬਟਾਲਾ ਵਿਚ ਕਿਸਾਨਾਂ ਵੱਲੋਂ ਮੁੜ ‘ਰੇਲ ਰੋਕੋ ਅੰਦੋਲਨ’ ਸ਼ੁਰੂ ਕੀਤਾ ਗਿਆ ਹੈ। ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀ ਐਕੁਆਇਰ ਜਮੀਨਾਂ ਦੇ ਇੱਕਸਾਰ ਤੇ ਵਾਜ਼ਿਬ ਮੁਆਵਜੇ ਨਾ ਮਿਲਣ ਦੇ ਇਲਜ਼ਾਮ ਤਹਿਤ ਅਤੇ ਗੰਨੇ ਦੇ ਬਕਾਏ ਦੀ ਅਦਾਇਗੀ, ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜੇ ਅਤੇ ਨੌਕਰੀਆਂ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਲੈਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।
ਇਸੇ ਦੇ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਮੁੜ ਤੋਂ ਅੰਮ੍ਰਿਤਸਰ-ਪਠਾਨਕੋਟ ਰੇਲ ਮਾਰਗ ’ਤੇ ਬਟਾਲਾ ਵਿਖੇ ਅਣਮਿਥੇ ਸਮੇ ਦਾ ‘ਰੇਲ ਰੋਕੋ ਅੰਦੋਲਨ’ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਬੀਤੇ ਤਿੰਨ ਮਹੀਨੇ ਬਟਾਲਾ ਅਤੇ ਗੁਰਦਾਸਪੁਰ ਵਿਖੇ ਰੇਲਵੇ ਟਰੈਕ ਰੋਕ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ। ਉਸ 'ਚ ਜੋ ਤਿੰਨ ਨੈਸ਼ਨਲ ਹਾਈਵੇ ਬਣਨ ਜਾ ਰਹੇ ਹਨ, ਉਨ੍ਹਾਂ 'ਚ ਜੋ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਇਕ ਸਾਰ ਨਹੀਂ ਦਿੱਤਾ ਜਾ ਰਿਹਾ।
ਦੂਸਰੀ ਮੰਗ ਜ਼ਿਲ੍ਹੇ ਨਾਲ ਸੰਬੰਧਿਤ ਜੋ ਕਿਸਾਨ ਧਰਨਿਆਂ ਦੌਰਾਨ ਸ਼ਹਾਦਤਾਂ ਪਾ ਗਏ ਸਨ, ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਗੰਨੇ ਦੀ ਪੇਮੈਂਟ ਜੋ 15 ਦਿਨ 'ਚ ਦਿੱਤੀ ਜਾਣੀ ਸੀ, ਉਹ 40 ਦਿਨ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਗੰਨੇ ਦਾ ਜੋ ਸਰਕਾਰੀ ਰੇਟ 380 ਰੁਪਏ ਪ੍ਰਤੀ ਕੁਇੰਟਲ ਰਖਿਆ ਗਿਆ ਹੈ, ਉਸ ਵਿਚੋਂ 330 ਰੁਪਏ ਗੰਨਾ ਮਿੱਲ ਨੇ ਦੇਣੇ ਹੁੰਦੇ ਹਨ ਅਤੇ ਬਾਕੀ 50 ਰੁਪਏ ਸਰਕਾਰ ਨੇ ਦੇਣੇ ਹੁੰਦੇ ਹਨ, ਉਹ ਵੀ ਅਜੇ ਤੱਕ ਨਹੀਂ ਮਿਲੇ।
ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਗੰਨੇ ਦੀ ਪੇਮੈਂਟ 380 ਰੁਪਏ ਇਕੋ ਵਾਰ ਇਕੱਠੇ ਮਿਲਣੇ ਚਾਹੀਦੇ ਹਨ, ਇਸ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਅਸ਼ਵਾਸ਼ਨ ਦਿੱਤਾ ਸੀ ਪਰ ਅਸ਼ਵਾਸ਼ਨ ਤੋਂ ਬਾਅਦ ਵੀ ਮੰਗਾਂ ਨੂੰ ਪੂਰਾ ਨਾ ਕੀਤੇ ਜਾਣ 'ਤੇ ਹੁਣ ਕਿਸਾਨਾਂ ਵਲੋਂ ਮਜ਼ਬੂਰਨ ਅੱਜ ਬਟਾਲਾ ਸਟੇਸ਼ਨ ’ਤੇ ਗੁਰਦਾਸਪੁਰ-ਪਠਾਨਕੋਟ ਰੇਲਵੇ ਟਰੈਕ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਗੱਲਬਾਤ ਕਰਨ ਲਈ ਆਏ ਸੀ ਪਰ ਮੀਟਿੰਗ ਬੇਸਿੱਟਾ ਨਿਕਲੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਇਹ ਰੇਲਵੇ ਟਰੈਕ ਜਾਮ ਰੱਖਿਆ ਜਾਵੇਗਾ।
ਦੱਸ ਦਈਏ ਕਿ ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਬੀਤੇ ਤਿੰਨ ਮਹੀਨੇ ਪਹਿਲਾਂ ਬਟਾਲਾ ਅਤੇ ਗੁਰਦਾਸਪੁਰ ਵਿਖੇ ਕੀਤੇ ਰੇਲ ਰੋਕੋ ਅੰਦੋਲਨ ਨੂੰ ਜਥੇਬੰਦੀ ਵਲੋਂ ਖ਼ਤਮ ਕਰ ਦਿੱਤਾ ਗਿਆ ਸੀ ਪਰ ਸਰਕਾਰ ਵਲੋਂ ਮੰਗਾ ਨੂੰ ਪੂਰਾ ਨਾ ਕਰਨ ’ਤੇ ਹੁਣ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਮੁੜ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।