ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਕੀਤਾ ਪੇਸ਼, ਅਦਾਲਤ ਨੇ 3 ਦਿਨ ਦੇ ਰਿਮਾਂਡ 'ਤੇ ਭੇਜਿਆ
ਕਿਸੇ ਨੂੰ ਵੀ ਦਸਣ ’ਤੇ ਦਿਤੀ ਸੀ ਮੇਰੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ : ਪੀੜਤ ਔਰਤ
ਬਾਘਾਪੁਰਾਣਾ : ਮੋਗਾ ਦੇ ਬਾਘਾਪੁਰਾਣਾ ਥਾਣੇ ਵਿਚ ਲੋਕ ਇਨਸਾਫ਼ ਪਾਰਟੀ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਵਿਰੁਧ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਔਰਤ ਦੇ ਬਿਆਨਾਂ ’ਤੇ ਜਗਮੋਹਨ ਸਿੰਘ ਵਿਰੁਧ ਧਾਰਾ 376, 506 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿਤੇ ਬਿਆਨਾਂ 'ਚ ਔਰਤ ਦਾ ਕਹਿਣਾ ਹੈ ਕਿ ਉਹ ਵਿਆਹੀ ਹੋਈ ਸੀ ਪਰ ਉਹ ਅਪਣੇ ਪੇਕੇ ਘਰ ਰਹਿੰਦੀ ਸੀ, ਜਿੱਥੇ ਜਗਮੋਹਨ ਸਿੰਘ ਦਾ ਆਉਣਾ-ਜਾਣਾ ਰਹਿੰਦਾ ਸੀ।
ਇਸ ਦੌਰਾਨ ਜਗਮੋਹਨ ਨੇ ਉਸ ਦੀਆਂ ਗੱਲਾਂ ਨੂੰ ਆਪਣੀਆਂ ਗੱਲਾਂ ਵਿਚ ਲੈ ਕੇ ਉਸ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿਤੇ ਅਤੇ ਜਗਮੋਹਨ ਤੋਂ ਉਸ ਦੇ ਘਰ ਇਕ ਧੀ ਨੇ ਵੀ ਜਨਮ ਲਿਆ। ਜਿਸ ਤੋਂ ਬਾਅਦ ਉਹ ਜਗਮੋਹਨ ਨੂੰ ਕਿਤੇ ਹੋਰ ਰਹਿਣ ਲਈ ਕਹਿੰਦੀ ਸੀ। ਔਰਤ ਨੇ ਦਸਿਆ ਕਿ ਕੁੱਝ ਮਹੀਨਿਆਂ ਬਾਅਦ ਜਗਮੋਹਨ ਉਸ ਨੂੰ ਉਸ ਦੇ ਪੇਕੇ ਘਰ ਤੋਂ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਅਤੇ ਬਾਘਾਪੁਰਾਣਾ ’ਚ ਕਿਸੇ ਅਜਿਹੀ ਜਗਾ 'ਤੇ ਰਹਿਣ ਲਈ ਕਿਹਾ ਜਿਥੇ ਪਹਿਲਾਂ ਹੀ 4-5 ਵਿਅਕਤੀ ਰਹਿ ਰਹੇ ਸਨ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਜਲੰਧਰ ਦੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ
ਔਰਤ ਮੁਤਾਬਕ ਜਦੋਂ ਉਸ ਨੇ ਉਥੇ ਰਹਿਣ ਤੋਂ ਇਨਕਾਰ ਕੀਤਾ ਤਾਂ ਜਗਮੋਹਨ ਸਿੰਘ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਬਲਾਤਕਾਰ ਕੀਤਾ ਅਤੇ ਕਿਸੇ ਨੂੰ ਵੀ ਇਸ ਬਾਰੇ ਦਸਣ 'ਤੇ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ। ਔਰਤ ਦੇ ਦਸਣ ਉਹ ਉਸ ਨੂੰ ਮੌਕੇ 'ਤੇ ਘਰ ਛੱਡ ਗਿਆ, ਜਿਸ ਤੋਂ ਬਾਅਦ ਉਹ ਸਦਮੇ 'ਚ ਰਹਿਣ ਲੱਗੀ ਅਤੇ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ।
ਉਧਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਰਿਸ਼ਵਤਖੋਰੀ ਵਿਰੁਧ ਕੰਮ ਕਰ ਰਹੇ ਹਨ ਇਸ ਲਈ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹੇ ਕਿਹਾ ਕਿ ਇਲਜ਼ਾਮ ਲਗਾਉਣੇ ਤਾਂ ਬਹੁਤ ਸੌਖੇ ਹਨ ਪਰ ਇਨ੍ਹਾਂ ਨੂੰ ਸਾਬਤ ਕਰਨਾ ਬਹੁਤ ਔਖਾ ਹੈ। ਉਨ੍ਹ ਕਿਹਾ ਕਿ ਮੈਂ ਰਿਸ਼ਵਤਖੋਰੀ ਦੇ ਮਾਮਲੇ ਵਿਚ ਕੱਲ ਹੀ ਕੋਰਟ ਵਿਚ ਬਿਆਨ ਦੇ ਕੇ ਆਇਆ ਹਾਂ ਤੇ ਹੁਣ ਮੈਨੂੰ ਇਸ ਕੇਸ ਵਿਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ।