
ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ
ਮਲੋਟ : ਥਾਣਾ ਕਬਰਵਾਲਾ ਵਿਖੇ ਇਕ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਮ੍ਹਣੇ ਆਈ ਹੈ । ਮ੍ਰਿਤਕ ਰਾਜਬੀਰ ਸਿੰਘ (55) ਦੇ ਪੁੱਤਰ ਗੁਰਜੰਟ ਸਿੰਘ ਅਤੇ ਭਤੀਜੇ ਅੰਮ੍ਰਿਤਪਾਲ ਸਿੰਘ ਵਾਸੀ ਕੱਟਿਆਂਵਾਲੀ ਨੇ ਦੱਸਿਆ ਕਿ ਉਸ ਦੀ ਭੈਣ ਅਮਨਦੀਪ ਕੌਰ ਦਾ ਵਿਆਹ 11 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਫਤਿਹਪੁਰ ਮੰਨੀਆਂ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਔਲਾਦ ਨਾ ਹੋਣ ਕਾਰਨ ਉਸ ਦੀ ਭੈਣ ਨੂੰ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਨ ਲੱਗਿਆ। ਜਿਸ ਕਾਰਨ ਕਈ ਵਾਰ ਪੰਚਾਈਤਾਂ ਵੀ ਹੋਈਆਂ। ਪੰਚਾਇਤਾਂ ਵਿਚ ਰਾਜ਼ੀਨਾਮਾ ਹੋਣ ਤੋਂ ਬਾਅਦ ਉਸ ਦੀ ਭੈਣ ਨੂੰ ਵਾਪਸ ਸਹੁਰੇ ਘਰ ਭੇਜ ਦਿੱਤਾ ਜਾਂਦਾ ਸੀ ਪਰ ਸਹੁਰਾ ਪਰਿਵਾਰ ਕੁਝ ਸਮੇਂ ਬਾਅਦ ਕੁਟਮਾਰ ਕਰ ਕੇ ਉਸ ਨੂੰ ਵਾਪਸ ਪੇਕੇ ਭੇਜ ਦਿੰਦੇ ਸਨ।
ਅਮਨਦੀਪ ਕੌਰ ਹੁਣ ਵੀ 6 ਮਹੀਨੇ ਤੋਂ ਪੇਕੇ ਬੈਠੀ ਸੀ ਪਰ ਪਰਿਵਾਰ ਵਾਲੇ ਪੰਚਾਇਤ ਰਾਹੀਂ 15 ਦਿਨ ਪਹਿਲਾਂ ਲੜਕੀ ਨੂੰ ਉਸ ਦੇ ਸਹੁਰੇ ਫਤਿਹਪੁਰ ਮੰਨੀਆਂ ਛੱਡ ਆਏ ਪਰ 4-5 ਦਿਨ ਪਹਿਲਾਂ ਉਸ ਦੇ ਪਰਿਵਾਰ ਨੇ ਕੁੱਟਮਾਰ ਕਰ ਕੇ ਫਿਰ ਵਾਪਸ ਪੇਕੇ ਭੇਜ ਦਿੱਤਾ।
ਇਸ ਸਬੰਧੀ ਸੋਮਵਾਰ ਨੂੰ ਕਬਰਵਾਲਾ ਥਾਣੇ ਵਿਖੇ ਦੋਵਾਂ ਧਿਰਾਂ ਦੀਆਂ ਪੰਚਾਇਤਾਂ ਹੋਈਆਂ। ਇਸ ਮੌਕੇ ਪੁਲਿਸ ਅਫਸਰਾਂ ਦੇ ਸਾਮ੍ਹਣੇ ਗੁਰਪ੍ਰੀਤ ਸਿੰਘ ਨੇ ਆਪਣੇ ਸਹੁਰੇ ਰਾਜਬੀਰ ਸਿੰਘ ਨੂੰ ਬੁਰਾ ਭਲਾ ਬੋਲਿਆ, ਜਿਸ ਕਰ ਕੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਮਾਮਲੇ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਸਬੰਧੀ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।