
ਸਰਹੱਦੀ ਪਿੰਡ ਅਟਾਰੀ ਦੇ ਕਈ ਲੋਕ ਲਾਵਾਰਸ ਤੇ ਬੇਸਹਾਰਾ ਲੋਕਾਂ ਨੂੰ ਜ਼ਬਰਦਸਤੀ ਅਪਣੇ ਘਰਾਂ ਅਤੇ ਖੇਤੀਬਾੜੀ ਦੇ ਕੰਮਾਂ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੀਆਂ...
ਅੰਮ੍ਰਿਤਸਰ : ਸਰਹੱਦੀ ਪਿੰਡ ਅਟਾਰੀ ਦੇ ਕਈ ਲੋਕ ਲਾਵਾਰਸ ਤੇ ਬੇਸਹਾਰਾ ਲੋਕਾਂ ਨੂੰ ਜ਼ਬਰਦਸਤੀ ਅਪਣੇ ਘਰਾਂ ਅਤੇ ਖੇਤੀਬਾੜੀ ਦੇ ਕੰਮਾਂ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਝੇ ਦੇ ਉੱਘੇ ਸਮਾਜ ਸੇਵਕ ਅਤੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਸੰਧੂ ਰਣੀਕੇ ਨੇ ਦਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਹੈ ਕਿ ਸਰਹੱਦੀ ਪਿੰਡ ਅਟਾਰੀ, ਕਾਠਗ੍ਹੜ, ਮੋਦੇ, ਧਨੋਏ, ਬੱਚੀਵਿੰਡ, ਰੋੜਾ ਵਾਲਾ, ਰਤਨ, ਪੱਕੇ ਧਨੋਏ, ਕੱਚੇ ਧਨੋਏ, ਮਾਹਵਾ, ਬਾਗੜੀਆਂ, ਰਣੀਕੇ, ਰਣਗ੍ਹੜ, ਗੱਲੂਵਾਲਾ, ਵਣੀਏਕੇ, ਪੰਡੋਰੀ, ਧਾਰੀਵਾਲ, ਉਦਰ ਗਾਗਰਮਲਾ ਆਦਿ ਪਿੰਡਾਂ ਵਿਚ ਕਈ ਜ਼ਿੰਮੀਦਾਰ ਲੋਕ ਲਾਵਾਰਸ ਲੋਕਾਂ ਨੂੰ ਧੱਕੇ ਨਾਲ ਅਪਣੇ ਵਾਹਨਾਂ ਤੇ ਬਿਠਾ ਕੇ ਅਪਣੇ ਡੇਰਿਆਂ ਅਤੇ ਘਰਾਂ ਵਿਚ ਲੈ ਆਉਂਦੇ ਹਨ
ਅਤੇ ਉਨ੍ਹਾਂ ਕੋਲੋ ਅਪਣੇ ਘਰਾਂ ਅਤੇ ਖੇਤੀਬਾੜੀ ਦੇ ਕੰਮ ਕਰਵਾਉਣ ਲਈ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਜਾਂਦੀ ਹੈ ਤੇ ਰਾਤ ਨੂੰ ਭੱਜਣ ਦੇ ਡਰੋਂ ਉਨ੍ਹਾਂ ਦੇ ਪੈਰਾਂ ਨੂੰ ਸੰਗਲਾਂ ਨਾਲ ਜਿੰਦਰੇ ਮਾਰੇ ਜਾਂਦੇ ਹਨ ਤੇ ਕਹਿਣਾ ਨਾ ਮੰਨਣ ਤੇ ਉਨ੍ਹਾਂ ਨੂੰ ਬਿਜਲੀ ਦੇ ਕਰੰਟ ਲਗਾ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਕਈ ਲਵਾਰਿਸ ਲੋਕ ਕਰੰਟ ਲੱਗਣ ਕਾਰਨ ਆਪਣਾ ਮਾਨਸਿਕ ਸੰਤੁਲਨ ਵੀ ਗੁਆ ਚੁੱਕੇ ਹਨ ਤੇ ਪਾਗਲਾਂ ਵਾਲਾ ਜੀਵਨ ਬਸਰ ਕਰ ਰਹੇ ਹਨ।
ਸੰਧੂ ਰਣੀਕੇ ਨੇ ਦਸਿਆ ਕਿ ਇਸ ਸਬੰਧੀ ਸਥਾਨਕ ਪੁਲਿਸ ਅਤੇ ਸਿਆਸੀ ਲੀਡਰਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਉਹ ਇਨ੍ਹਾਂ ਨੂੰ ਛੁਡਾਉਣ ਲਈ ਕੋਈ ਠੋਸ ਉਪਰਾਲਾ ਨਹੀਂ ਕਰ ਰਹੇ। ਸੰਧੂ ਰਣੀਕੇ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਅਤੇ ਐਸ.ਐਸ.ਪੀ ਪਰਮਪਾਲ ਸਿੰਘ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਪ੍ਰਵਾਸੀ ਤੇ ਲਾਚਾਰ ਲੋਕਾਂ ਨੂੰ ਜ਼ਿੰਮੀਦਾਰਾਂ ਦੇ ਚੁੰਗਲ ਤੋਂ ਛੁਡਵਾਉਣ ਲਈ ਸਖ਼ਤ ਮੁਹਿੰਮ ਵਿੱਢਣ।