
ਜਿੱਤਿਆ ਰਾਸ਼ਟਰਪਤੀ ਗੋਲਡ ਮੈਡਲ
ਪਟਿਆਲਾ : ਪੰਜਾਬ ਦੇ ਪਟਿਆਲਾ ’ਚ ਜਨਮੇ ਅਤੇ ਵੱਡਾ ਹੋਏ 21 ਸਾਲਾ ਅਫ਼ਰੀਦ ਅਫ਼ਰੋਜ਼ ਨੂੰ ਬੀਤੇ ਦਿਨੀਂ ਰਾਸ਼ਟਰੀ ਰੱਖਿਆ ਅਕੈਡਮੀ (ਐਨ.ਡੀ.ਏ.), ਖੜਕਵਾਸਲਾ, ਪੁਣੇ ਤੋਂ ਪਾਸ ਆਊਟ ਹੋਏ ਕੈਡਿਟਾਂ ਦੇ 144ਵੇਂ ਬੈਚ ਦਾ ਟਾਪਰ ਬਣਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਦੇ ਬੇਟੇ ਅਫ਼ਰੋਜ਼ ਨੂੰ ਵੀ ਸਰਵੋਤਮ ਏਅਰ ਫ਼ੋਰਸ ਕੈਡਿਟ ਐਲਾਨਿਆ ਗਿਆ ਅਤੇ ਸਮੁੱਚੀ ਮੈਰਿਟ ’ਚ ਪਹਿਲੇ ਸਥਾਨ ’ਤੇ ਰਹਿਣ ਲਈ ਰਾਸ਼ਟਰਪਤੀ ਗੋਲਡ ਮੈਡਲ ਜਿੱਤਿਆ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਮੁਖੀ, ਪ੍ਰੋਫੈਸਰ ਡਾ: ਮੁਹੰਮਦ ਹਬੀਬ ਨੇ ਆਪਣੇ ਸਭ ਤੋਂ ਛੋਟੇ ਬੇਟੇ ਨੂੰ ਸਮਾਰੋਹ ਵਿਚ ਉਚ ਸਨਮਾਨ ਮਿਲਦਾ ਦੇਖ ਬਹੁਤ ਖ਼ੁਸ਼ ਗਏ।
ਪ੍ਰੋ. ਹਬੀਬ ਇਸ ਵੇਲੇ ਅਪਣੇ ਪ੍ਰਵਾਰ ਨਾਲ ਹੈਦਰਾਬਾਦ ’ਚ ਹਨ। ਪ੍ਰੋਫ਼ੈਸਰ ਹਬੀਬ ਜੋ ਹੁਣ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਹੈਦਰਾਬਾਦ ’ਚ ਅਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨੇ ਟੈਲੀਫੋਨ ਤੇ ਗੱਲਬਾਤ ਦੌਰਾਨ ਦਸਿਆ ਕਿ ਦੇਸ਼ ਦੀ ਸੇਵਾ ਕਰਨ ਲਈ ਇਹ ਉਨ੍ਹਾਂ ਦੇ ਪੁੱਤਰ ਦੀ ਸਾਰੀ ਮਿਹਨਤ ਅਤੇ ਜਨੂੰਨ ਸੀ ਜਿਸ ਕਾਰਨ ਉਸਨੂੰ ਸਫ਼ਲਤਾ ਮਿਲੀ ਹੈ। “ਮੇਰੇ ਕੋਲ ਇਹ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹੈ ਕਿ ਜਦੋਂ ਮੇਰੇ ਪੁੱਤਰ ਨੂੰ ਪਾਸਿੰਗ ਆਊਟ ਪਰੇਡ ਦੌਰਾਨ ਰਾਸ਼ਟਰਪਤੀ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ਤਾਂ ਮੈਨੂੰ ਕਿੰਨਾ ਮਾਣ ਮਹਿਸੂਸ ਹੋਇਆ।
ਉਸ ਦਾ ਜਨਮ ਅਤੇ ਪਾਲਣ ਪੋਸ਼ਣ ਪਟਿਆਲਾ ’ਚ ਹੋਇਆ ਸੀ ਕਿਉਂਕਿ ਅਸੀਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਰਹਿੰਦੇ ਸੀ, ’ਹਬੀਬ ਨੇ ਕਿਹਾ ਜੋ ਅਪਣੀ ਪਤਨੀ ਜ਼ੁਬੈਦਾ ਤੇ ਪ੍ਰਵਾਰ ਨਾਲ ਮੰਗਲਵਾਰ ਨੂੰ ਪੁਣੇ ਵਿਚ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਹੋਏ। ਪਟਿਆਲਾ ਦੇ ਸੇਂਟ ਮੈਰੀ ਸਕੂਲ, ਸਨੌਰ ਤੋਂ ਆਪਣੀ ਸ਼ੁਰੂਆਤੀ ਸਕੂਲੀ ਸਿਖਿਆ (ਕਲਾਸ 1 ਤੋਂ 6) ਕਰਨ ਵਾਲੇ ਅਫ਼ਰੋਜ਼ 7ਵੀਂ ਜਮਾਤ ਵਿਚ ਪੜ੍ਹਦਾ ਸੀ ਤਾਂ ਉਹ ਆਰਮੀ ਪਬਲਿਕ ਸਕੂਲ, ਪਟਿਆਲਾ ਵਿਚ ਚਲਾ ਗਿਆ ਸੀ, ਜਿਥੇ ਦੇਸ਼ ਦੀ ਸੇਵਾ ਕਰਨ ਦੇ ਬੀਜ ਬੀਜੇ ਗਏ ਸਨ। ਅਫ਼ਰੋਜ਼ ਨੇ ਫੋਨ ਤੇ ਦਸਿਆ ਕਿ ਸਿਰਫ਼ ਇਕ ਸਾਲ ਆਰਮੀ ਪਬਲਿਕ ਸਕੂਲ, ਪਟਿਆਲਾ ਵਿਚ ਬਿਤਾਇਆ, ਜਦੋਂ ਮੈਂ 7ਵੀਂ ਜਮਾਤ ਵਿੱਚ ਸੀ। ਉਸੇ ਸਾਲ ਮੈਂ ਮਿਲਟਰੀ ਕਾਲਜ਼ ਦੇਹਰਾਦੂਨ ਦਾਖ਼ਲਾ ਲਿਆ ਸੀ।