
ਪੰਜਾਬ ਮੰਤਰੀ ਮੰਡਲ ਦੀ ਪਿਛਲੇ ਬੁਧਵਾਰ ਹੋਈ ਬੈਠਕ ਮਗਰੋਂ ਭਲਕੇ ਸੋਮਵਾਰ ਨੂੰ ਫਿਰ ਹੰਗਾਮੀ ਮੀਟਿੰਗ ਰੱਖ ਗਈ ਹੇ। ਪਤਾ ਲੱਗਾ ਹੈ ਕਿ ਪਿਛਲੇ 2 ਹਫ਼ਤਿਆਂ ਵਿਚ ...
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਪਿਛਲੇ ਬੁਧਵਾਰ ਹੋਈ ਬੈਠਕ ਮਗਰੋਂ ਭਲਕੇ ਸੋਮਵਾਰ ਨੂੰ ਫਿਰ ਹੰਗਾਮੀ ਮੀਟਿੰਗ ਰੱਖ ਗਈ ਹੇ। ਪਤਾ ਲੱਗਾ ਹੈ ਕਿ ਪਿਛਲੇ 2 ਹਫ਼ਤਿਆਂ ਵਿਚ 10 ਤੋਂ ਵੱਧ ਨਸ਼ਾਗ੍ਰਸਤ ਵਿਅਕਤੀਆਂ ਦੀ ਮੌਤਾਂ 'ਤੇ ਪੰਜਾਬ ਸਰਕਾਰ ਹਿੱਲ ਗਈ ਹੇ ਅਤੇ ਇਸ ਦੁਖਦਾਈ ਤੇ ਚਿੰਤਾ ਦੇ ਵਿਸ਼ੇ 'ਤੇ ਮੰਤਰੀ ਗੰਭੀਰਤਾ ਨਾਲ ਵਿਚਾਰ ਕਰਨਗੇ।
ਜ਼ਿਕਰਯੋਗ ਹੈ ਕਿ ਪੁਲਿਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ 2 ਦਿਨ ਪਹਿਲਾਂ ਪੁਲਿਸ ਅਕੈਡਮੀ ਫ਼ਿਲੌਰ ਵਿਚ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਲੰਬੀ ਚੌੜੀ ਚਰਚਾ ਕੀਤੀ ਸੀ ਜਿਸ ਵਿਚ ਪੁਲਿਸ ਦੇ ਹੇਠਲੇ ਤੇ ਉਪਰਲੇ ਪੱਧਰ ਦੇ ਅਧਿਕਾਰੀਆਂ ਤੋਂ ਇਸ ਨਸ਼ੇ ਦੇ ਪਸਾਰ ਤੇ ਹੋ ਰਹੇ ਸੰਕਟਮਈ ਨਤੀਜਿਆਂ ਨੂੰ ਕੰਟਰੋਲ ਕਰਨ ਲਈ ਕਿਹਾ ਸੀ। ਡੀ.ਜੀ.ਪੀ. ਨੇ ਇਹ ਵੀ ਤਾੜਨਾ ਕੀਤੀ ਸੀ ਕਿ ਜਿਸ ਐਸ.ਐਚ.ਓ. ਦੇ ਇਲਾਕੇ ਵਿਚ ਨਸ਼ਈ ਦੀ ਮੌਤ ਹੋਵੇਗੀ, ਉਸ ਪੁਲਿਸ ਅਧਿਕਾਰੀ 'ਤੇ ਸਖ਼ਤ ਐਕਸ਼ਨ ਲਿਆ ਜਾਵੇਗਾ।
ਲਗਭਗ ਇਕ ਮਹੀਨਾ ਵਿਦੇਸ਼ ਵਿਚ ਛੁੱਟੀ 'ਤੇ ਗਏ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਜੋ ਅੱਜ ਸ਼ਾਮੀਂ ਚੰਡੀਗੜ੍ਹ ਪਰਤ ਆਏ ਹਨ, ਭਲਕੇ ਦੀ ਅਹਿਮ ਮੰਤਰੀ ਮੰਡਲ ਬੈਠਕ ਵਿਚ ਹਿੱਸਾ ਲੈਣਗੇ। ਸੁਰੇਸ਼ ਕੁਮਾਰ ਦੀ ਛੁੱਟੀ ਦੌਰਾਨ ਕੈਬਨਿਟ ਦੀ ਕੇਵਲ ਇਕ ਮੀਟਿੰਗ 27 ਜੂਨ ਬੁਧਵਾਰ ਨੂੰ ਹੀ ਹੋਈ ਸੀ। ਸਰਕਾਰੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਣ ਵਾਲੀ
ਇਸ ਵਿਸ਼ੇਸ਼ ਬੈਠਕ ਵਿਚ 3 ਮੰਤਰੀ ਰਾਣਾ ਗੁਰਮੀਤ ਸੋਢੀ, ਵਿਜੈਇੰਦਰ ਸਿੰਗਲਾ ਅਤੇ ਸਾਧੂ ਸਿੰਘ ਧਰਮਸੋਤ ਨਹੀਂ ਹਾਜ਼ਰ ਹੋ ਸਕਣਗੇ ਕਿਉਂਕਿ ਇਹ ਮੰਤਰੀ, ਪੰਜਾਬ ਸਰਕਾਰ ਦੀ ਤਰਫ਼ੋਂ ਭਲਕੇ ਨਵੀਂ ਦਿੱਲੀ ਵਿਚ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਭੋਗ ਰਸਮ ਵਿਚ ਸ਼ਿਰਕਤ ਕਰਨਗੇ।