
ਪੰਜਾਬ 'ਚ ਬਿਜਲੀ ਦੀ ਮੰਗ ਦਾ ਅੰਕੜਾ 14 ਹਜ਼ਾਰ ਮੈਗਾਵਾਟ ਤੋਂ ਪਾਰ
ਕਈ ਖੇਤਰਾਂ 'ਚ ਲੱਗੇ 8 ਤੋਂ 10 ਘੰਟੇ ਦੇ ਬਿਜਲੀ ਕੱਟ
ਪਟਿਆਲਾ, 1 ਜੁਲਾਈ (ਜਸਪਾਲ ਸਿੰਘ ਢਿੱਲੋਂ): ਇਸ ਵੇਲੇ ਉਤਰੀ ਭਾਰਤ ਵਿਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਤੇ ਕਈ ਖੇਤਰਾਂ ਦਾ ਤਾਪਮਾਨ 43 ਦਰਜੇ ਸੈਂਟੀਗਰੇਡ ਨੂੰ ਪਾਰ ਕਰ ਗਿਆ ਹੈ | ਪੰਜਾਬ 'ਚ ਇਸ ਵੇਲੇ ਝੋਨੇ ਦੀ ਲੁਆਈ ਭਾਵੇਂ ਮੁਕੰਮਲ ਹੋ ਗਈ ਹੈ ਪਰ ਇਸ ਨੂੰ ਲਗਾਤਾਰ ਪਾਣੀ ਦੀ ਲੋੜ ਹੈ | ਕਈ ਖੇਤਰਾਂ 'ਚ ਝੋਨਾ ਸੁੱਕ ਰਿਹਾ ਹੈ | ਇਸ ਦਾ ਅਸਰ ਇਹ ਪਿਆ ਕਿ ਬਿਜਲੀ ਦੀ ਮੰਗ 14500 ਮੈਗਾਵਾਟ 'ਤੇ ਅੱਪੜ ਗਈ ਜੋ ਪਿਛਲੇ ਸਾਲ ਤੋਂ ਕਰੀਬ 400 ਮੈਗਾਵਾਟ ਜ਼ਿਆਦਾ ਹੈ | ਖੇਤੀ ਸੈਕਟਰ 'ਚ ਬਿਜਲੀ ਦੀ ਮੰਗ ਵਧਣ ਦਾ ਅਸਰ ਘਰੇਲੂ ਤੇ ਹੋਰਨਾਂ ਖੇਤਰਾਂ 'ਤੇ ਵੀ ਪਿਆ ਹੈ, ਹਰ ਪਾਸੇ ਹਾਹਾਕਾਰ ਮੱਚ ਗਈ ਹੈ | ਕਿਸਾਨਾਂ ਸਮੇਤ ਹਰ ਵਰਗ ਇਸ ਵੇਲੇ ਬਿਜਲੀ ਨੂੰ ਲੈ ਕੇ ਰੋਸ ਵਿਖਾਵੇ ਕਰ ਰਿਹਾ ਹੈ | ਕਈ ਥਾਈਾ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਲੋਕਾਂ ਦੇ ਰੋਸ ਦਾ ਵੀ ਸਾਹਮਣਾ ਕਰਨਾ ਪਿਆ ਹੈ |
ਇਸ ਸੰਕਟ ਨਾਲ ਨਿਪਟਣ ਲਈ ਬਿਜਲੀ ਨਿਗਮ ਨੂੰ ਬਿਜਲੀ ਕੱਟਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ | ਬਿਜਲੀ ਨਿਗਮ ਦੇ ਅੰਕ ੜਿਆਂ ਮੁਤਾਬਕ ਇਸ ਵੇਲੇ ਬਿਜਲੀ ਨਿਗਮ ਵਲੋਂ 24 ਘੰਟੇ ਤਿੰਨ ਤਾਰ ਪ੍ਰਣਾਲੀ ਰਾਹੀਂ ਬਿਜਲੀ ਸਪਲਾਈ ਲੈਣ ਵਾਲੇ ਦਿਹਾਤੀ ਖੇਤਰਾਂ ਨੂੰ 8 ਤੋਂ 10.30 ਘੰਟੇ ਤਕ ਬਿਜਲੀ ਕੱਟਾਂ ਨਾਲ ਝੱਲਣਾ ਪੈ ਰਿਹਾ ਹੈ | ਸ਼ਹਿਰੀ ਸਨਅਤੀ ਖੇਤਰਾਂ 'ਚ 6 ਘੰਟੇ, ਜ਼ਿਲ੍ਹਾ ਮੁਕਾਮਾ 'ਚ 4 ਘੰਟੇ, ਕੰਡੀ ਖੇਤਰ 'ਚ 4 ਘੰਟੇ, ਪ੍ਰਮੁੱਖ ਸ਼ਹਿਰਾਂ 'ਚ ਵੀ ਸਵਾ ਤੋਂ ਡੇਢ ਘੰਟੇ ਦੇ ਬਿਜਲੀ ਕੱਟ ਲਾਏ ਜਾ ਰਹੇ ਹਨ |
ਝੋਨੇ ਦੀ ਫ਼ਸਲ ਪਾਲਣ ਲਈ ਬਿਜਲੀ ਨਿਗਮ ਪੰਜਾਬ 'ਚ 6.47 ਘੰਟੇ ਬਿਜਲੀ ਸਪਲਾਈ ਹੀ ਦੇ ਸਕਿਆ | ਸਰਹੱਦੀ ਖੇਤਰ ਦੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਦਾਅਵਾ ਪ੍ਰਗਟਾਇਆ ਗਿਆ ਹੈ | ਦਿਲਚਸਪ ਗੱਲ ਇਹ ਹੈ ਕਿ ਬਿਜਲੀ ਨਿਗਮ ਦਾ ਅਪਣੇ ਬਿਜਲੀ ਸਰੋਤਾਂ ਦੀ ਵਰਤੋਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਤੋਂ 2270 ਲੱਖ ਯੂਨਿਟ ਬਿਜਲੀ ਖ਼ਰੀਦੀ ਗਈ ਜੋ ਪਿਛਲੇ ਸਾਲ ਤੋਂ 200 ਲੱਖ ਯੂਨਿਟ ਵਧੇਰੇ ਹੈ | ਆਮ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਵਰਗਾਂ ਦਾ ਲੋਡ ਨਿਯਮਤ ਤੋਂ ਕਿਤੇ ਵੱਧ ਹੈ | ਬਹੁਤ ਸਾਰੀਆਂ ਕੋਠੀਆਂ 'ਚ ਲੋਡ ਨਿਯਮਤ ਲੋਡ ਤੋਂ ਕਿਤੇ ਵੱਧ ਹਨ ਜੋ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ | ਇਹ ਵੀ ਤਰਕ ਦਿਤਾ ਜਾ ਰਿਹਾ ਹੈ ਕਿ ਰਾਤ ਸਮੇਂ ਦਿਹਾਤੀ ਖੇਤਰਾਂ 'ਚ ਕੁੰਡੀਆਂ ਬਹੁਤ ਲਗਦੀਆਂ ਹਨ ਜੋ ਬਿਜਲੀ ਪ੍ਰਣਾਲੀ 'ਤੇ ਲੋਡ ਪਾਉਂਦਾ ਹੈ | ਕਈ ਲੋਕਾਂ ਦਾ ਤਰਕ ਹੈ ਕਿ ਸਰਕਾਰ ਸਮੇਂ ਸਿਰ ਬਿਜਲੀ ਨਿਗਮ ਨੂੰ ਮੁਫ਼ਤ ਬਿਜਲੀ ਦਾ ਪੈਸਾ ਸਮੇਂ ਸਿਰ ਅਦਾ ਕਰੇ ਅਤੇ ਬਿਜਲੀ ਨਿਗਮ ਨੂੰ ਵੀ ਪਹਿਲਾਂ ਅਗਾਉਂ ਪ੍ਰਬੰਧ ਕਰਨੇ ਚਾਹੀਦੇ ਹਨ |
ਸਰਹੱਦੀ ਖੇਤਰ 'ਚ ਬਿਜਲੀ ਚੋਰੀ ਸਭ ਤੋਂ ਵੱਧ ਹੈ ਅਤੇ ਬਿਜਲੀ ਨਿਗਮ ਦੀ ਵੱਡੀ ਰਾਸ਼ੀ ਸਰਕਾਰੀ ਵਿਭਾਗਾਂ ਵਲ ਫਸੀ ਹੋਈ ਹੈ |