
ਵੁਆਇਸ ਸੈਂਪਲ ਲੈਣ ’ਤੇ ਲੱਗੀ ਹੈ ਰੋਕ, ਆਈ.ਜੀ. ਢਿੱਲੋਂ ਵਿਰੁਧ ਜਾਂਚ ਪੂਰੀ ਕਰਨ ’ਚ ਆ ਰਹੀ ਪ੍ਰੇਸ਼ਾਨੀ : ਸੀਬੀਆਈ
ਚੰਡੀਗੜ੍ਹ, 2 ਜੁਲਾਈ (ਸੁਰਜੀਤ ਸਿੰਘ ਸੱਤੀ) : ਸੇਵਾਮੁਕਤ ਐਸਐਸਪੀ ਸ਼ਿਵ ਕੁਮਾਰ ਵਿਰੁਧ ਦਰਜ ਮਾਮਲਾ ਕਮਜ਼ੋਰ ਕਰਨ ਦੇ ਦੋਸ਼ ’ਚ ਫਸੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਵਿਰੁਧ ਜਾਂਚ ਵਿਚ ਸੀਬੀਆਈ ਨੇ ਪ੍ਰੇਸ਼ਾਨੀ ਆਉਣ ਦਾ ਹਵਾਲਾ ਦੇ ਕੇ ਜਾਂਚ ਪੂਰੀ ਕਰਨ ਲਈ ਹਾਈ ਕੋਰਟ ਤੋਂ ਹੋਰ ਸਮਾਂ ਮੰਗਿਆ ਹੈ। ਸੀਬੀਆਈ ਨੇ ਹਾਈ ਕੋਰਟ ਨੂੰ ਦਸਿਆ ਹੈ ਕਿ ਜਾਂਚ ਲਈ ਢਿੱਲੋਂ ਦੇ ਵੁਆਇਸ ਸੈਂਪਲ (ਅਵਾਜ਼ ਦੇ ਨਮੂਨੇ) ਲੈਣੇ ਜ਼ਰੂਰੀ ਹਨ ਪਰ ਇਸ ਉਤੇ ਹਾਈ ਕੋਰਟ ਰੋਕ ਲਗਾ ਚੁੱਕਾ ਹੈ ਅਜਿਹੇ ਵਿਚ ਜਾਂਚ ਅੱਗੇ ਨਹੀਂ ਵੱਧ ਰਹੀ ਹੈ ।
ਜਸਟਿਸ ਅਰਵਿੰਦ ਸਾਂਗਵਾਨ ਨੇ ਸੀ.ਬੀ.ਆਈ. ਦੀ ਇਸ ਅਰਜ਼ੀ ਨੂੰ ਹੁਣ ਢਿੱਲੋਂ ਦੀ ਅਰਜ਼ੀ ਦੇ ਨਾਲ ਹੀ ਸੁਣਵਾਈ ਕਰਨ ਦਾ ਹੁਕਮ ਦਿੰਦੇ ਹੋਏ ਦੋਵੇਂ ਅਰਜ਼ੀਆਂ ’ਤੇ 28 ਅਗੱਸਤ ਨੂੰ ਸੁਣਵਾਈ ਕੀਤੀ ਜਾਣੀ ਤੈਅ ਕਰ ਦਿਤੀ ਹੈ। ਢਿੱਲੋਂ ਦੇ ਵੁਆਇਸ ਸੈਂਪਲ ਲਈ ਸੀਬੀਆਈ ਦੀ ਮੰਗ ’ਤੇ ਹੇਠਲੀ ਅਦਾਲਤ ਨੇ ਸੈਂਪਲ ਦੀ ਇਜਾਜ਼ਤ ਦਿਤੀ ਸੀ ਪਰ ਇਸ ਨੂੰ ਢਿੱਲੋਂ ਨੇ ਹਾਈ ਕੋਰਟ ਵਿਚ ਚੁਣੌਤੀ ਦਿਤੀ ਸੀ ਕਿ ਉਹ ਇਸ ਮਾਮਲੇ ਵਿਚ ਗਵਾਹ ਹਨ ਤੇ ਵੁਆਇਸ ਸੈਂਪਲ ਨਹੀਂ ਲਏ ਜਾਣੇ ਚਾਹੀਦੇ ਤੇ ਹਾਈ ਕੋਰਟ ਨੇ ਸੈਂਪਲ ਲੈਣ ’ਤੇ ਰੋਕ ਲਗਾ ਦਿਤੀ ਸੀ। ਇਸੇ ਦਾ ਹਵਾਲਾ ਦਿੰਦਿਆਂ ਸੀਬੀਆਈ ਨੇ ਜਾਂਚ ਵਿਚ ਪ੍ਰੇਸ਼ਾਨੀ ਆਉਣ ਦੀ ਗੱਲ ਕਹਿੰਦਿਆਂ ਜਾਂਚ ਪੂਰੀ ਕਰਨ ਲਈ ਹੋਰ ਸਮਾਂ ਮੰਗਿਆ ਤੇ ਬੈਂਚ ਨੇ ਸੀਬੀਆਈ ਤੇ ਢਿੱਲੋਂ ਦੀਆਂ ਅਰਜ਼ੀਆਂ ’ਤੇ ਇਕੱਠੇ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਹਾਈ ਕੋਰਟ ਪਹਿਲਾਂ ਹੀ ਢਿੱਲੋਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਮਾਮਲੇ ਦੀ ਸੀ.ਬੀ.ਆਈ ਨੂੰ ਆਦੇਸ਼ ਦੇ ਚੁਕਿਆ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਸੀ.ਬੀ.ਆਈ. ਦੀ ਐਸ.ਆਈ.ਟੀ. ਨੂੰ ਕੁੱਝ ਵੀ ਢਿੱਲੋਂ ਵਿਰੁਧ ਮਿਲਦਾ ਹੈ ਤਾਂ ਢਿੱਲੋਂ ਵਿਰੁਧ ਕੋਈ ਵੀ ਕਾਰਵਾਈ ਕੀਤੇ ਜਾਣ ਤੋਂ 7 ਦਿਨ ਪਹਿਲਾਂ ਉਸ ਨੂੰ ਇਸ ਦਾ ਨੋਟਿਸ ਦੇਣਾ ਹੋਵੇਗਾ।