
ਜ਼ਿਆਦਾਤਰ ਉਹਨਾਂ ਸਬ-ਇੰਸਪੈਕਟਰਾਂ, ਏਐੱਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜੋ ਲੰਬੇ ਸਮੇਂ ਤੋਂ ਇਕੋ ਥਾਣੇ ਵਿਚ ਤੈਨਾਤ ਸਨ।
ਅੰਮ੍ਰਿਤਸਰ: ਜ਼ਿਲ੍ਹੇ ਵਿਚ ਰਾਤੋ ਰਾਤ ਜ਼ਿਲ੍ਹਾ ਪੱਧਰ ’ਤੇ ਸਭ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਆਈਪੀਐਸ ਅਰੁਣਪਾਲ ਸਿੰਘ ਨੇ ਰਾਤ 1 ਵਜੇ ਹੁਕਮ ਜਾਰੀ ਕਰਕੇ ਸਮੁੱਚੇ ਕਮਿਸ਼ਨਰੇਟ ਦੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਕਮਿਸ਼ਨਰ ਨੇ ਜ਼ਿਲ੍ਹੇ ਦੇ 1139 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ।
Amritsar Police Commissioner IPS Arun Pal Singh.
ਪੁਲਿਸ ਕਮਿਸ਼ਨਰ ਦਾ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਜ਼ਿਲ੍ਹੇ ਵਿਚ ਪਿਛਲੇ ਸਮੇਂ ਤੋਂ ਕਾਨੂੰਨ ਵਿਵਸਥਾ ਵਿਗੜ ਰਹੀ ਸੀ। ਕਤਲ, ਲੁੱਟ-ਖੋਹ ਅਤੇ ਚੋਰੀਆਂ ਵਰਗੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਲਈ ਸਮੁੱਚੇ ਕਮਿਸ਼ਨਰੇਟ ਦੀ ਪੁਲਿਸ ਵਿਚ ਇਕੋ ਰਾਤ ਵਿਚ ਫੇਰਬਦਲ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ।
ਹੁਕਮਾਂ ਤਹਿਤ ਪੁਲਿਸ ਕਮਿਸ਼ਨਰ ਨੇ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਆਪਣੀ ਨਵੀਂ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ ਇਸੇ ਦੌਰਾਨ ਸ਼ੁੱਕਰਵਾਰ ਦੇਰ ਰਾਤ 1 ਵਜੇ ਉਹਨਾਂ ਨੇ ਨਵੇਂ ਹੁਕਮਾਂ ’ਤੇ ਦਸਤਖ਼ਤ ਵੀ ਕੀਤੇ। ਜ਼ਿਆਦਾਤਰ ਉਹਨਾਂ ਸਬ-ਇੰਸਪੈਕਟਰਾਂ, ਏਐੱਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜੋ ਲੰਬੇ ਸਮੇਂ ਤੋਂ ਇਕੋ ਥਾਣੇ ਵਿਚ ਤੈਨਾਤ ਸਨ।
ਇਹਨਾਂ ਵਿਚ ਵਿਸ਼ੇਸ਼ ਤੌਰ ’ਤੇ ਸਾਰੇ ਥਾਣਿਆਂ ਦੇ ਮੁਨਸ਼ੀ ਵੀ ਸ਼ਾਮਲ ਹਨ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਆਉਟਪੁੱਟ ਬਹੁਤ ਖਰਾਬ ਸੀ, ਉਹਨਾਂ ਦੇ ਵੀ ਤਬਾਦਲੇ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿਚ ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਵਿਭਾਗ ਵਿਚ ਇੰਨੇ ਵੱਡੇ ਪੱਧਰ ’ਤੇ ਤਬਾਦਲੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਹ ਤਬਾਦਲੇ ਐੱਸਐੱਚਓ ਦੇ ਰੈਂਕ 'ਤੇ ਨਹੀਂ ਸਗੋਂ ਹੇਠਲੇ ਪੱਧਰ 'ਤੇ ਕੀਤੇ ਗਏ ਹਨ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਸੁਧਾਰ ਦੀ ਉਮੀਦ ਹੈ ਕਿਉਂਕਿ ਇਸ ਪੱਧਰ 'ਤੇ ਜ਼ਿਆਦਾਤਰ ਪਬਲਿਕ ਡੀਲਿੰਗ ਅਤੇ ਕਾਰਵਾਈ ਵੀ ਹੁੰਦੀ ਹੈ।